ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਸ ਏਂਜਲਸ ਪੁਲਿਸ ਵਿਭਾਗ ਦੇ 3 ਅਫਸਰ ਉਸ ਵੇਲੇ ਜ਼ਖਮੀ ਹੋ ਗਏ ਜਦੋਂ ਉਹ ਪੈਰੋਲ ਉਪਰ ਰਿਹਾਅ ਹੋਏ ਇਕ ਸ਼ੱਕੀ ਦੀ ਭਾਲ ਵਿਚ ਸਨ। ਲਾਸ ਏਂਜਲਸ ਪੁਲਿਸ ਵਿਭਾਗ ਦੇ ਕਮਾਂਡਰ ਸਟੇਸੀ ਸਪੈਲ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀ ਇਕ ਸ਼ੈੱਡ ਵਿਚ ਲੁੱਕਿਆ ਹੋਇਆ ਸੀ। ਪੁਲਿਸ ਅਫਸਰਾਂ ਨੇ ਉਸ ਨੂੰ ਬਾਹਰ ਆਉਣ ਲਈ ਕਿਹਾ ਪਰੰਤੂ ਸ਼ੱਕੀ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉਪਰ ਗੋਲੀ ਚਲਾ ਦਿੱਤੀ ਜਿਸ ਦੌਰਾਨ 3 ਪੁਲਿਸ ਅਫਸਰ ਜ਼ਖਮੀ ਹੋ ਗਏ। ਪੁਲਿਸ ਅਫਸਰਾਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ। ਸਪੈਲ ਨੇ ਕਿਹਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਦੀ ਮੌਤ ਕਿਸ ਤਰਾਂ ਹੋਈ ਹੈ। ਜ਼ਖਮੀ ਪੁਲਿਸ ਅਫਸਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨਾਂ ਦੀ ਹਾਲਤ ਸਥਿੱਰ ਦਸੀ ਜਾਂਦੀ ਹੈ। ਪੁਲਿਸ ਵਿਭਾਗ ਦੇ ਅਸਿਸਟੈਂਟ ਚੀਫ ਅਲਫਰੈਡ ਲਬਰਾਡਾ ਅਨੁਸਾਰ ਕਿੰਨੇ ਪੁਲਿਸ ਅਫਸਰਾਂ ਨੇ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ, ਇਹ ਅਜੇ ਜਾਂਚ ਦਾ ਵਿਸ਼ਾ ਹੈ।