ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਹੋਈ ਹਿੰਸਕ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਚੁੱਪ-ਚਪੀਤੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹਨ।
ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ 10 ਸਮਰਥਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇੱਕ ਸਾਥੀ ਦਾ ਲਾਇਸੈਂਸ ਜੰਮੂ-ਕਸ਼ਮੀਰ ਤੋਂ ਹੋਣ ਕਾਰਨ ਸਬੰਧਤ ਰਾਜ ਨੂੰ ਪੱਤਰ ਲਿਖਿਆ ਗਿਆ ਹੈ। ਦੂਜੇ ਪਾਸੇ ਪੰਜਾਬ ਵਿੱਚ ਬਣੇ 9 ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਇਹ ਸਾਰੀ ਕਾਰਵਾਈ ਗੁਪਤ ਤਰੀਕੇ ਨਾਲ ਕਰ ਰਹੀ ਹੈ ਤਾਂਜੋ ਅਜਨਾਲਾ ਕਾਂਡ ਵਰਗੀ ਹਿੰਸਕ ਘਟਨਾ ਦੁਬਾਰਾ ਨਾ ਵਾਪਰੇ।
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 9 ਸਮਰਥਕਾਂ ਖਿਲਾਫ ਕਾਰਵਾਈ ਪੂਰੀ ਕਰ ਲਈ ਹੈ ਪਰ ਕਾਰਵਾਈ 20 ਮਾਰਚ ਤੋਂ ਬਾਅਦ ਹੋ ਸਕਦੀ ਹੈ। ਦਰਅਸਲ ਪੰਜਾਬ ਸਰਕਾਰ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਜੀ-20 ਕਾਨਫਰੰਸ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕਰਨਾ ਚਾਹੁੰਦੀ। 15 ਤੋਂ 17 ਮਾਰਚ ਤੱਕ ਸਿੱਖਿਆ ਵਿਸ਼ੇ ‘ਤੇ ਅਤੇ 19-20 ਮਾਰਚ ਨੂੰ ਕਿਰਤ ਦੇ ਵਿਸ਼ੇ ‘ਤੇ ਕਾਨਫਰੰਸ ਕੀਤੀ ਜਾ ਰਹੀ ਹੈ |