ਨੈਸ਼ਨਲ ਹਾਈਵੇਅ (NHs) ਅਤੇ ਐਕਸਪ੍ਰੈਸਵੇਅ ਤੋਂ ਸਫਰ ਕਰਨ ਵਾਲੇ ਲੋਕਾਂ ਨੂੰ ਅਗਲੇ ਮਹੀਨੇ ਤੋਂ ਹੋਰ ਪੈਸੇ ਖਰਚਣੇ ਪੈ ਸਕਦੇ ਹਨ ਕਿਉਂਕਿ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੁਆਰਾ ਟੋਲ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇੱਕ ਨਿੱਜੀ ਅਖਬਾਰ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਟੋਲ ਦਰਾਂ ਵਿੱਚ 5% ਤੋਂ 10% ਤੱਕ ਦਾ ਵਾਧਾ ਹੋਵੇਗਾ।
ਨੈਸ਼ਨਲ ਹਾਈਵੇਅ ‘ਤੇ ਟੋਲ ਟੈਕਸ ਨੀਤੀ
ਨੈਸ਼ਨਲ ਹਾਈਵੇਜ਼ ਫ਼ੀਸ (ਦਰਾਂ ਦਾ ਨਿਰਧਾਰਨ ਅਤੇ ਉਗਰਾਹੀ) ਨਿਯਮ, 2008 ਦੇ ਅਨੁਸਾਰ, ਫ਼ੀਸ ਦੀਆਂ ਦਰਾਂ ਨੂੰ ਹਰ ਸਾਲ 1 ਅਪ੍ਰੈਲ ਤੋਂ ਲਾਗੂ ਕੀਤਾ ਜਾਣਾ ਹੈ। ਸਮੇਂ-ਸਮੇਂ ‘ਤੇ ਲੋੜਾਂ ਦੇ ਆਧਾਰ ‘ਤੇ ਵਿਸ਼ੇਸ਼ ਟੋਲ ਮੁੱਦਿਆਂ ‘ਤੇ ਨੀਤੀਗਤ ਫੈਸਲੇ ਲਏ ਜਾਂਦੇ ਹਨ।
ਖਰਚਾ 5 ਫੀਸਦੀ ਤੋਂ ਵਧ ਕੇ 10 ਫੀਸਦੀ ਹੋ ਜਾਵੇਗਾ
ਸੜਕ ਆਵਾਜਾਈ ਮੰਤਰਾਲਾ ਇਸ ਮਹੀਨੇ ਦੇ ਆਖਰੀ ਹਫਤੇ ਤੱਕ ਪ੍ਰਸਤਾਵਾਂ ‘ਤੇ ਗੌਰ ਕਰੇਗਾ ਅਤੇ ਉਚਿਤ ਵਿਚਾਰ ਤੋਂ ਬਾਅਦ ਦਰਾਂ ਨੂੰ ਮਨਜ਼ੂਰੀ ਦੇ ਸਕਦਾ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਾਰਾਂ ਅਤੇ ਹਲਕੇ ਵਾਹਨਾਂ ਲਈ ਟੋਲ ਦਰ ਪੰਜ ਫੀਸਦੀ ਤੱਕ ਵਧੇਗੀ ਅਤੇ ਹੋਰ ਭਾਰੀ ਵਾਹਨਾਂ ਲਈ ਇਹ 10 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਸ਼ੁਰੂ ਕੀਤੇ ਗਏ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਵੀ ਟੋਲ ਦਰਾਂ ਵਧਣਗੀਆਂ। ਇਸ ਸਮੇਂ ਨਵੇਂ ਖੁੱਲ੍ਹੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਸੈਕਸ਼ਨ ‘ਤੇ ਪ੍ਰਤੀ ਕਿਲੋਮੀਟਰ ਲਈ 2.19 ਰੁਪਏ ਵਸੂਲੇ ਜਾ ਰਹੇ ਹਨ, ਜਿਸ ‘ਚ ਲਗਭਗ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਵੀ ਟੋਲ ਵਧਾਇਆ ਜਾਵੇਗਾ
ਐਕਸਪ੍ਰੈੱਸ ਵੇਅ ‘ਤੇ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਸਮੇਂ ਐਕਸਪ੍ਰੈਸ ਵੇਅ ‘ਤੇ ਰੋਜ਼ਾਨਾ ਕਰੀਬ 20 ਹਜ਼ਾਰ ਵਾਹਨ ਲੰਘ ਰਹੇ ਹਨ, ਜਿਨ੍ਹਾਂ ਦੀ ਗਿਣਤੀ ਅਗਲੇ ਛੇ ਮਹੀਨਿਆਂ ‘ਚ 50 ਤੋਂ 60 ਹਜ਼ਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ ਦੀਆਂ ਟੋਲ ਦਰਾਂ ਵੀ ਵਧਣ ਦੀ ਸੰਭਾਵਨਾ ਹੈ।
ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਹੀਨਾਵਾਰ ਪਾਸ ਦੀ ਸਹੂਲਤ, ਜੋ ਕਿ ਆਮ ਤੌਰ ‘ਤੇ ਸਸਤੀ ਹੁੰਦੀ ਹੈ, ਵਿੱਚ ਵੀ 10% ਵਾਧਾ ਹੋਣ ਦੀ ਸੰਭਾਵਨਾ ਹੈ।