ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਗੁੰਡਾਗਰਦੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫੌਜ ਦੇ ਜਵਾਨ ਨੇ ਮੋਬਾਈਲ ਤੋਂ ਵੀਡੀਓ ਬਣਾਉਣ ਅਤੇ ਫੋਟੋਆਂ ਕਲਿੱਕ ਕਰਨ ਦੇ ਦੋਸ਼ ‘ਚ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਘਟਨਾ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਘਟਨਾ ਜ਼ਿਲ੍ਹੇ ਦੇ ਮਾਂਗਵਾਂ ਥਾਣਾ ਖੇਤਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ‘ਤੇ ਆਇਆ ਫੌਜ ਦਾ ਜਵਾਨ ਆਪਣੀ ਪ੍ਰੇਮਿਕਾ ਨਾਲ ਮੰਦਰ ‘ਚ ਬੈਠਾ ਸੀ। ਇਹ ਦੇਖ ਕੇ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ਪ੍ਰੇਮੀ ਜੋੜੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਜਵਾਨ ਨੇ ਨੌਜਵਾਨ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ, ਪਰ ਝਗੜਾ ਹੋ ਗਿਆ ਅਤੇ ਗੁੱਸੇ ‘ਚ ਆ ਕੇ ਦੋਸ਼ੀ ਫੌਜੀ ਨੇ ਪਿਸਤੌਲ ਕੱਢ ਕੇ ਨੌਜਵਾਨ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਹ ਲੜਕੀ ਨੂੰ ਲੈ ਕੇ ਭੱਜ ਗਿਆ।
ਇਸ ਤੋਂ ਬਾਅਦ ਆਸਪਾਸ ਮੌਜੂਦ ਲੋਕਾਂ ਨੇ ਜ਼ਖਮੀ ਨੌਜਵਾਨ ਬ੍ਰਿਜੇਂਦਰ ਕੋਰੀ ਨੂੰ ਸੰਜੇ ਗਾਂਧੀ ਹਸਪਤਾਲ ‘ਚ ਦਾਖਲ ਕਰਵਾਇਆ। ਗੋਲੀ ਨੌਜਵਾਨ ਦੇ ਸਿਰ ਵਿੱਚ ਲੱਗੀ ਹੈ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੰਜੇ ਗਾਂਧੀ ਹਸਪਤਾਲ ਦੇ ਡਾਕਟਰ ਨੌਜਵਾਨ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮਾਂਗਵਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬ੍ਰਜ ਭੂਸ਼ਣ ਤਿਵਾੜੀ ਉਰਫ ਵਿਕਾਸ ਪਟਿਆਲਾ ‘ਚ ਤਾਇਨਾਤ ਹੈ ਅਤੇ ਉਹ ਛੁੱਟੀ ‘ਤੇ ਆਇਆ ਹੋਇਆ ਸੀ। ਏਐਸਪੀ ਵਿਵੇਕ ਲਾਲ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।