ਪਿੰਡ ਰੰਗੀਲਪੁਰ ਕੋਲ ਲੰਘਦੀ ਭਾਖੜਾ ਨਹਿਰ ਵਿਚ ਘੁੰਮਣ ਆਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਨੌਜਵਾਨਾਂ ਦੀ ਪਛਾਣ 25 ਸਾਲਾ ਸੁਮਿਤ ਵਾਸੀ ਪਿੰਡ ਬਸਰਾ ਰੇਹੜੂ ਸ਼ਿਮਲਾ ਵਜੋਂ ਹੋਈ ਹੈ ਜਦੋਂ ਕਿ ਦੂਜੇ ਦੀ ਪਛਾਣ 27 ਸਾਲਾ ਵਿਰਾਜ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਗਈ ਗੋਤਾਖੋਰ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਤਿੰਨ ਨੌਜਵਾਨ ਘੁੰਮਣ ਦੇ ਉਦੇਸ਼ ਨਾਲ ਰੂਪਨਗਰ ਆਏ ਹੋਏ ਸਨ। ਰੰਗੀਲਪੁਰ ਦੇ ਕੋਲ ਭਾਖੜਾ ਨਹਿਰ ‘ਤੇ ਜਦੋਂ ਇਹ ਸੈਲਫੀ ਲੈਣ ਲੱਗੇ ਤਾਂ ਦੋਵੇਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।
ਤਿੰਨ ਨੌਜਵਾਨ ਮੋਹਾਲੀ ਦੀ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦੇ ਹਨ। ਸੈਲਫੀ ਲੈਣ ਲਈ ਤਿੰਨੋਂ ਨੌਜਵਾਨ ਭਾਖੜਾ ਨਹਿਰ ਦੇ ਕਿਨਾਰੇ ਪਹੁੰਚ ਗਏ। ਇਨ੍ਹਾਂ ਵਿਚੋਂ ਇਕ ਸੁਮਿਤ ਨਾਂ ਦੇ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿਚ ਡਿੱਗ ਗਿਆ ਜਿਸ ਨੂੰ ਬਚਾਉਣ ਲਈ ਉਸ ਦੇ ਸਾਥੀ ਵਿਰਾਜ ਨੇ ਵੀ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।
ਅਜੇ ਤੱਕ ਦੋਵਾਂ ਵਿਚੋਂ ਕਿਸੇ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ਵਿਚ ਡੁੱਬੇ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵੇਂ ਹੀ ਰੇਹੜੂ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।