ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 9 ਮਾਰਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੌਰੇ ‘ਤੇ ਆ ਰਹੀ ਹੈ। ਰਾਸ਼ਟਰਪਤੀ ਇੱਕ ਦਿਨ ਲਈ ਅੰਮ੍ਰਿਤਸਰ ਦੌਰੇ ‘ਤੇ ਹੋਣਗੇ। ਇਸ ਦੌਰਾਨ ਜਿੱਥੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣਗੇ, ਉੱਥੇ ਉਹ ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਸ਼੍ਰੀ ਰਾਮਤੀਰਥ ਦੇ ਦਰਸ਼ਨ ਵੀ ਕਰਨਗੇ। ਉਨ੍ਹਾਂ ਦੀ ਆਮਦ, ਸਨਮਾਨ ਅਤੇ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦ੍ਰੋਪਦੀ ਮੁਰਮੂ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਹੈ। ਜਿਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ‘ਚ ਸਹੁੰ ਚੁੱਕੀ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਆਉਣ ਦੀ ਕਈ ਵਾਰ ਚਰਚਾ ਹੋਈ। ਪਰ ਹੁਣ ਐਲਾਨ ਕੀਤਾ ਗਿਆ ਹੈ ਕਿ ਉਹ ਅੰਮ੍ਰਿਤਸਰ ਆਉਣਗੇ। ਦ੍ਰੋਪਦੀ ਮੁਰਮੂ ਦੀ ਇਹ ਪਹਿਲੀ ਅੰਮ੍ਰਿਤਸਰ ਫੇਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪੁਲੀਸ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਨੂੰ ਇਸ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।