ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨਾਂ ਵਿਚ 2 ਭਾਰਤੀ ਹਨ। ਯੂ ਐਸ ਬਾਰਡਰ ਐਂਡ ਕਸਟਮਜ਼ ਪ੍ਰੋਟੈਕਸ਼ਨ (ਸੀ ਬੀ ਪੀ) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਐਲਗੋਨੈਕ ਨੇੜੇ ਤਸਕਰੀ ਦੀ ਕੋਸ਼ਿਸ਼ ਸਮੇ 5 ਵਿਦੇਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬਿਆਨ ਅਨੁਸਾਰ ਬੀਤੇ ਦਿਨ ਰਾਤ ਵੇਲੇ ਤਸਕਰੀ ਦੇ ਜਾਣੇ ਪਛਾਣੇ ਇਕ ਰਸਤੇ ਨੇੜੇ ਸੇਂਟ ਕਲੇਅਰ ਦਰਿਆ ਵਿੱਚ ਕਿਸ਼ਤੀ ਰਾਹੀਂ ਕੌਮਾਂਤਰੀ ਸਰਹੱਦ ਪਾਰ ਕਰਦੇ ਕੁਝ ਲੋਕਾਂ ਨੂੰ ਨਿਗਰਾਨ ਪ੍ਰਣਾਲੀ ਦੁਆਰਾ ਵੇਖਿਆ ਗਿਆ। ਤੁਰੰਤ ਖੇਤਰ ਵਿਚਲੇ ਸੁਰੱਖਿਆ ਅਮਲੇ ਨਾਲ ਸੰਪਰਕ ਕੀਤਾ ਗਿਆ ਜਿਨਾਂ ਨੇ ਅਮਰੀਕਾ ਵਾਲੇ ਪਾਸੇ ਕੰਢੇ ਵਲ ਰਹੀ ਕਿਸ਼ਤੀ ਨੂੰ ਘੇਰ ਲਿਆ। ਕਿਸ਼ਤੀ ਵਿਚ ਸਵਾਰ 5 ਵਿਅਕਤੀਆਂ ਨੇ ਮੰਨਿਆ ਕਿ ਉਨਾਂ ਨੇ ਕੈਨੇਡਾ ਤੋਂ ਸਰਹੱਦ ਪਾਰ ਕੀਤੀ ਹੈ। ਗ੍ਰਿਫਤਾਰੀ ਸਮੇ 2 ਵਿਅਕਤੀਆਂ ਦੀ ਹਾਲਤ ਬਹੁਤ ਖਰਾਬ ਸੀ ਤੇ ਉਹ ਠੰਡ ਕਾਰਨ ਕੰਬ ਰਹੇ ਸਨ। ਉਨਾਂ ਦਸਿਆ ਕਿ ਉਹ ਅਚਾਨਕ ਕਿਸ਼ਤੀ ਵਿਚੋਂ ਦਰਿਆ ਵਿਚ ਡਿੱਗ ਗਏ ਸਨ। ਇਨਾਂ ਨੂੰ ਹਿਰਾਸਤ ਵਿਚ ਲੈ ਕੇ ਸਥਾਨਕ ਪ੍ਰਾਸੈਸਿੰਗ ਸੈਂਟਰ ਵਿਚ ਭੇਜ ਦਿੱਤਾ ਗਿਆ ਹੈ। ਯੂ ਐਸ ਬਾਰਡਰ ਐਂਡ ਕਸਟਮਜ਼ ਪ੍ਰੋਟੈਕਸ਼ਨ ਨੇ ਗ੍ਰਿਫ਼ਤਾਰ ਵਿਅਕਤੀਆਂ ਦੇ ਨਾਂ ਨਹੀਂ ਦਸੇ ਹਨ ਤੇ ਕਿਹਾ ਹੈ ਕਿ ਇਨਾਂ ਵਿਚ 2 ਭਾਰਤੀ ਤੇ ਬਾਕੀ 3 ਜਣੇ ਨਾਈਜੀਰੀਆ, ਮੈਕਸੀਕੋ ਤੇ ਡੋਮੀਨੀਕਨ ਰਿਪਬਲੀਕਨ ਤੋਂ ਹਨ।