ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਨੇ ਕਥਾ ਕਰਕੇ ਸੰਗਤ ਨਿਹਾਲ ਕੀਤੀ!!
ਨਵਾਂ ਸ਼ਹਿਰ(ਤਰਲੋਚਨ ਸਿੰਘ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ) ਦੇ ਪ੍ਰਸਿੱਧ ਪਿੰਡ ਉਟਾਲ਼ਾਂ ਦੇ ਸਾਬਕਾ ਸਰਪੰਚ ਸਰਦਾਰ ਦਰਸ਼ਨ ਸਿੰਘ ਹੁਣਾ ਦੇ ਗ੍ਰਹਿ ਵਿਖੇ ਸਮੁੱਚੇ ਅਟਵਾਲ ਪ੍ਰਵਾਰ ਵਲੋਂ ਇਲਾਹੀ ਬਾਣੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਸਰਪੰਚ ਹੁਣਾ ਦੇ ਸਵਰਗ ਸਿਧਾਰ ਚੁੱਕੇ ਭਰਾ ਜੋਗਿੰਦਰ ਸਿੰਘ ਅਤੇ ਭਰਜਾਈ ਬੀਬੀ ਸੁਰਜੀਤ ਕੌਰ ਦੀ ਯਾਦ ਵਿੱਚ ਕਰਵਾਏ ਇਸ ਸਮਾਗਮ ਵਿੱਚ ਭੋਗ ਤੋੰ ਬਾਅਦ ਸਭ ਤੋਂ ਪਹਿਲਾਂ ਭਾਈ ਜੁਝਾਰ ਸਿੰਘ ਰਾਮਰਾਏ ਪੁਰ ਅਤੇ ਫਿਰ ਭਾਈ ਸੋਢੀ ਸਿੰਘ ਮੁਜ਼ੱਫਰ ਪੁਰ ਵਾਲਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਫਿਰ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਹੁਣਾ ਨੇ ਸ੍ਰੀ ਮੁੱਖਵਾਕ ਦੀ ਕਥਾ ਵਿਆਖਿਆ ਕਰਦਿਆਂ ਵਰਤਮਾਨ ਪੰਥਕ ਹਾਲਾਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਭਾਈ ਸਾਹਿਬ ਵਲੋਂ ਦ੍ਰਿੜ ਕਰਵਾਇਆ ਗਿਆ ਕਿ ਭੀਹਾਵਲੇ ਸਮੇਂ ਗੁਰੂ ਹੀ ਬਾਹੁੜੀ ਕਰਦਾ ਹੁੰਦਾ ਹੈ।ਇਸ ਮੌਕੇ ਅੰਗਦ ਸਿੰਘ ਸਾਬਕਾ ਐੱਮ.ਐੱਲ.ਏ,ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐੱਮ.ਐੱਲ.ਏ ਬੰਗਾ ਅਤੇ ਪਿਆਾਰਾ ਸਿੰਘ ਯੂ.ਕੇ ਵਾਲਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਸੇਵਾ ਭਾਈ ਤਰਲੋਚਨ ਸਿੰਘ ‘ਦੁਪਾਲ ਪੁਰ’ ਸਾਬਕਾ ਮੈੰਬਰ ਸ਼੍ਰੋਮਣੀ ਕਮੇਟੀ ਨੇ ਬਾਖੂਬੀ ਨਿਭਾਈ।ਅਮਰੀਕਾ ਅਤੇ ਇੰਗਲੈਂਡ ਤੋਂ ਆਪਣੇ ਪਿੰਡ
ਉਟਾਲ਼ਾਂ ਪਹੁੰਚੇ ਸਮੁੱਚੇ ਅਟਵਾਲ ਪ੍ਰਵਾਰ ਦੇ ਜੀਅ, ਪਿਆਰਾ ਸਿੰਘ ਯੂ.ਕੇ ਬਲਵੀਰ ਸਿੰਘ ਯੂ.ਕੇ ਗੁਰਨਾਮ ਸਿੰਘ ਯੂ.ਕੇ ਅਤੇ
ਕਮਲਜੀਤ ਸਿੰਘ ਅਮਰੀਕਾ ਨਿਵਾਸੀ ਸਾਰੇ ਸਮਾਗਮ ਵਿੱਚ ਲੰਗਰ ਆਦਿਕ ਦੀ ਹੱਥੀਂ ਸੇਵਾ ਨਿਭਾਉੰਦੇ ਰਹੇ।ਬਸੰਤ ਰੁੱਤ ਦੇ ਸੁਹਾਵਣੇ ਮਾਹੌਲ ਵਿੱਚ ਅਟਵਾਲ ਪ੍ਰਵਾਰ ਦਾ ਇਹ ਸਮਾਗਮ ਕੁੱਲ ਮਿਲਾ ਕੇ ਇੱਕ ਪੰਥਕ ਸਮਾਗਮ ਹੀ ਹੋ ਨਿਬੜਿਆ।