ਨਾਨ-ਟੀਚਿੰਗ ਕਰਮਚਾਰੀ ਯੂਨੀਅਨ (ਮਾਨਤਾ ਪ੍ਰਾਪਤ) ਲੁਧਿਆਣਾ ਦੇ ਪ੍ਰਧਾਨ ਸ. ਦੀਦਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਡਵਾਸੂ ਦੇ ਕਰਮਚਾਰੀਆਂ ਨੂੰ ਛੇਵੇਂ ਪੇ ਕਮਿਸ਼ਨ ਅਤੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੱਤਵੇਂ ਪੇ ਕਮਿਸ਼ਨ ਅਨੁਸਾਰ ਬਣਦੀ ਤਨਖਾਹਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜ਼ਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਅਦਾਰਿਆਂ ਅਤੇ ਯੂਨੀਵਰਸਿਟੀਆਂ ਖਾਸਕਰ ਪੀ.ਏ.ਯੂ., ਲੁਧਿਆਣਾ ਦੇ ਕਰਮਚਾਰੀ ਛੇਵੇਂ ਪੇ ਕਮਿਸ਼ਨ ਅਨੁਸਾਰ ਬਣਦੀ ਤਨਖਾਹ ਅਤੇ ਬਕਾਇਆ 07/2021 ਤੋਂ ਲੈ ਚੁੱਕੇ ਹਨ। ਪਰ ਵੈਟਨਰੀ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਪੈਂਸ਼ਨਰ ਇਸ ਤੋਂ ਵਾਂਝੇ ਹਨ।ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਵੱੱਲੋਂ ਦੱਸਿਆ ਗਿਆ ਹੈ ਕਿ ਛੇਵਾਂ ਪੇ ਕਮਿਸ਼ਨ ਨਾ ਮਿਲਣ ਕਾਰਨ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਇਸ ਲਈ ਨਾਨ-ਟੀਚਿੰਗ ਕਰਮਚਾਰੀਆਂ ਵੱਲੋਂ ਮਿਤੀ 17/02/2023 ਨੂੰ ਜਨਰਲ ਬਾਡੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਮਿਤੀ 27/02/2023 ਤੋਂ ਅਣਮਿਥੇ ਸਮੇਂ ਲਈ ਸ਼ਾਂਤਮਈ ਧਰਨਾ ਲਗਾਇਆ ਜਾ ਰਿਹਾ। ਪ੍ਰੰਤੂ ਅੱਜ ਚੌਥੇ ਦਿਨ ਮਿਤੀ 02/03/2023 ਨੂੰ ਯੂਨੀਵਰਸਿਟੀ ਦੇ ਉਪ-ਕੁਲਪਤੀ ਦੇ ਹੁਕਮਾਂ ਅਨੁਸਾਰ ਸ਼ਾਂਤਮਈ ਧਰਨੇ ਨੂੰ ਖਤਮ ਕਰਨ ਲਈ ਜ਼ਬਰਦਸਤੀ ਦੇ ਵਸੀਲੇ ਵਰਤਦੇ ਹੋਏੇ ਧਰਨੇ ਵਾਲੇ ਸਥਾਨ ਤੇ ਬੈਠਣ ਤੋਂ ਰੋਕਿਆ ਗਿਆ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਪ੍ਰੰਤੂ ਨਾਨ-ਟੀਚਿੰਗ ਕਰਮਚਾਰੀਆਂ ਵੱਲੋਂ ਫਿਰ ਵੀ ਸ਼ਾਂਤਮਈ ਧਰਨਾ ਜ਼ਾਰੀ ਰੱਖਿਆ ਗਿਆ।
ਇਸ ਸਬੰਧ ਵਿੱਚ ਸਮੇਂ-ਸਮੇਂ ਸਿਰ ਮਾਨਯੋਗ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਪਸ਼ੂਧਨ ਮੰਤਰੀ ਅਤੇ ਵਿੱਤ ਵਿਭਾਗ, ਪਸ਼ੂਧਨ ਵਿਭਾਗ ਦੇ ਮੁੱਖ ਸਕੱਤਰ ਸਹਿਬਾਨ ਨੂੰ ਕਈ ਵਾਰ ਮਿਲਕੇ ਲਿਖਤੀ ਰੂਪ ਜਾਣੂ ਕਰਵਾਇਆ ਜਾ ਚੁਕਿਆ ਹੈ। ਸਤੰਬਰ 2022 ਵਿੱਚ ਸਮੂਹ ਕਰਮਚਾਰੀਆਂ ਅਤੇ ਪੈਂਸ਼ਨਰ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਵੀ ਲਗਾਇਆ ਗਿਆ ਸੀ।ਹਲਕਾ ਪੱਛਮੀ ਦੇ ਵਿਧਾਇਕ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੀ ਅਗਵਾਈ ਵਿੱਚ ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਵੱਲੋਂ ਚੰਡੀਗੜ ਵਿਖੇ ਪਸ਼ੂਧਨ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਜੀ ਕੋਲ ਇਹ ਮਸਲਾ ਉਠਾਇਆ ਗਿਆ ਸੀ, ਜਿਸ ਦੇ ਦੇ ਸਬੰਧ ਵਿੱਚ ਮਾਨਯੋਗ ਮੰਤਰੀ ਜੀ ਵੱਲੋਂ ਛੇਵੇਂ ਪੇ ਕਮਿਸ਼ਨ ਅਨੁਸਾਰ ਬਣਦੀ ਤਨਖਾਹ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੇ ਪੂਰਨ ਭਰੋਸਾ ਦਿਵਾਉਣ ਤੇ ਅਣਮਿਥੇ ਸਮੇਂ ਲਈ ਲਗਾਇਆ ਧਰਨਾ ਖਤਮ ਕਰ ਦਿੱਤਾ ਗਿਆ ਸੀ।ਇਸ ਸਬੰਧ ਵਿੱਚ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਨਾਨ-ਟੀਚਿੰਗ ਕਰਮਚਾਰੀਆਂ ਨਾਲ ਫਰਵਰੀ-2023 ਮਹੀਨੇ ਦੀ ਤਨਖਾਹ ਸੋਧੇ ਸਕੇਲਾਂ ਅਨੁਸਾਰ ਦੇਣ ਦਾ ਵਾਧਾ ਕੀਤਾ ਗਿਆ ਸੀ, ਪ੍ਰੰਤੂ ਅਜੇ ਤੱਕ ਇਸ ਮਸਲੇ ਦਾ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਹੈ। ਜਿੰਨਾ ਸਮਾਂ ਸਾਡੀਆਂ ਮੰਗਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਸਮਾਂ ਇਹ ਧਰਨਾ ਜ਼ਾਰੀ ਰਹੇਗਾ।