ਤਰਨਤਾਰਨ ਦੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਐਤਵਾਰ ਨੂੰ ਗੈਂਗਵਾਰ ਹੋ ਗਈ,ਇਸ ਵਿੱਚ ਗੈਂਗਸਟਰ ਮਨਦੀਪ ਤੂਫਾਨ ਅਤੇ ਗੈਂਗਸਟਰ ਮਨਮੋਹਨ ਸਿੰਘ ਮਾਰੇ ਗਏ ਸਨ। ਤੀਜਾ ਗੈਂਗਸਟਰ ਕੇਸ਼ਵ ਵਾਸੀ ਬਠਿੰਡਾ ਗੰਭੀਰ ਜ਼ਖ਼ਮੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਤੂਫਾਨ ਅਤੇ ਮਨਮੋਹਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੋਸ਼ੀ ਸਨ। ਮਨਦੀਪ ਤੂਫਾਨ ਨੂੰ ਪੁਲਿਸ ਨੇ ਗੈਂਗਸਟਰ ਮਨੀ ਰਈਆ ਸਣੇ ਗਿ੍ਰਫਤਾਰ ਕੀਤਾ ਸੀ। ਮੂਸੇਵਾਲਾ ਮਰਡਰ ਨਾਲ ਜੁੜੇ ਸਾਰੇ ਗੈਂਗਸਟਰਾਂ ਨੂੰ ਇੱਕ ਹੀ ਥਾਂ ਬੰਦ ਕੀਤਾ ਗਿਆ ਸੀ। ਉਥੇ ਸਕਿਓਰਿਟੀ ਵੀ ਲੱਗੀ ਰਹਿੰਦੀ ਹੈ। ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਇਨਹਾਂ ਬਦਮਾਸ਼ਾਂ ਦੇ 2 ਧੜੇ ਬਣ ਗਏ ਸਨ। ਪੰਜਾਬ ਦੇ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਸ਼ਰਾਰਤੀ ਅਨਸਰਾਂ ਵਿਚਾਲੇ ਲੜਾਈ ਹੋਈ ਸੀ, ਜਿਸ ਵਿੱਚ ਰਈਆ ਵਾਸੀ ਦੁਰਾਨ ਮਨਦੀਪ ਸਿੰਘ ਤੂਫ਼ਾਨ ਦੀ ਮੌਤ ਹੋ ਗਈ ਸੀ। ਬਠਿੰਡਾ ਦੇ ਰਹਿਣ ਵਾਲੇ ਕੇਸ਼ਵ ਅਤੇ ਬੁਢਲਾਡਾ ਦੇ ਰਹਿਣ ਵਾਲੇ ਮਨਮੋਹਨ ਸਿੰਘ ਮੋਹਾਣਾ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਦਾਖਲ ਗੈਂਗਸਟਰ ਮਨਮੋਹਨ ਦੀ ਵੀ ਮੌਤ ਹੋ ਗਈ।
ਇਸ ਦੇ ਨਾਲ ਹੀ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਰੇ ਗਏ ਗੈਂਗਸਟਰਾਂ ਖਿਲਾਫ ਕਈ ਹੋਰ ਕੇਸ ਵੀ ਚੱਲ ਰਹੇ ਹਨ। ਚੌਹਾਨ ਨੇ ਦੱਸਿਆ ਕਿ ਤਿੰਨੋਂ ਇੱਕ ਹੀ ਗੈਂਗ ਨਾਲ ਜੁੜੇ ਹੋਏ ਸਨ।
ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਇੱਕ ਗਿਰੋਹ ਦੇ ਦੋ ਮੁੱਖ ਸ਼ੂਟਰਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ। ਦੋਸ਼ੀਆਂ ਦੀ ਪਛਾਣ ਮਨਦੀਪ ਸਿੰਘ ਉਰਫ ਤੂਫਾਨ (24) ਵਾਸੀ ਬਟਾਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਰਈਆ (30) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਪੰਜਾਬ ਪੁਲਿਸ ਨੂੰ ਕਤਲ, ਡਕੈਤੀ, ਫਿਰੌਤੀ, ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਉਹ ਜੱਗੂ ਭਗਵਾਨਪੁਰੀਆ-ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸ਼ੂਟਰ ਸੀ, ਜੋ ਨਾ ਸਿਰਫ਼ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਸਨਸਨੀਖੇਜ਼ ਕਤਲ ਕੇਸ ਵਿੱਚ ਲੋੜੀਂਦਾ ਸੀ, ਸਗੋਂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਵੀ ਬਣਾ ਚੁੱਕੇ ਸਨ।