ਅਜਨਾਲਾ ਮਾਮਲਾ ਕਾਫੀ ਭੱਖਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਐਤਵਾਰ ਸ਼ਾਮ ਤੱਕ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਤੋਂ ਵਿਸਤਿ੍ਰਤ ਰਿਪੋਰਟ ਤਲਬ ਕੀਤੀ ਹੈ। ਕੇਂਦਰ ਨੇ ਪੁੱਛਿਆ ਹੈ ਕਿ ਸੰਭਾਵਿਤ ਹਿੰਸਾ ਨੂੰ ਰੋਕਣ ਲਈ ਪੰਜਾਬ ਪੁਲਿਸ ਦੀ ਐਕਸ਼ਨ ਪਲਾਨ ਕੀ ਸੀ।
ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਜਨਾਲਾ ਥਾਣੇ ਵਿੱਚ ਦਰਜ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਗਰਮ ਖਿਆਲੀ ਜਥੇਬੰਦੀਆਂ ਦੇ ਸਮਰਥਕਾਂ ਵੱਲੋਂ ਪੁਲਿਸ ਮੁਲਾਜ਼ਮਾਂ ’ਤੇ ਕੀਤੇ ਹਮਲੇ ਦਾ ਸਖ਼ਤ ਨੋਟਿਸ ਲਿਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਿਪੋਰਟ ਮੰਗੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੰਜਾਬ ਪੁਲਿਸ ਵੀ ਹਰਕਤ ਵਿੱਚ ਨਜ਼ਰ ਆਈ। ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਨਾਲ 3 ਘੰਟੇ ਤੱਕ ਮੈਰਾਥਨ ਮੀਟਿੰਗ ਕੀਤੀ ਅਤੇ ਕਿਹਾ – ਗੈਂਗਸਟਰਾਂ ਅਤੇ ਅੱਤਵਾਦੀਆਂ ‘ਤੇ ਸ਼ਿਕੰਜਾ ਕੱਸੋ। ਅੰਮ੍ਰਿਤਪਾਲ ਦੇ ਸਮਰਥਕ ਕਿਹੜੇ-ਕਿਹੜੇ ਜ਼ਿਲ੍ਹਿਆਂ ‘ਚੋਂ ਪਹੁੰਚੇ, ਕੀ ਗਰਮ ਖਿਆਲੀ ਜਥੇਬੰਦੀਆਂ ਨੂੰ ਵਿਦੇਸ਼ਾਂ ‘ਚੋਂ ਮਿਲੀ ਹਮਾਇਤ, ਕੀ ਹੈ ਮੋਹਾਲੀ ‘ਚ ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਤੇ ਕੌਮੀ ਇਨਸਾਫ ਮੋਰਚੇ ਦੇ ਧਰਨੇ ਦੀ ਸਥਿਤੀ? ਜੇਕਰ ਵਿਰੋਧ ਹਿੰਸਕ ਹੋ ਜਾਂਦਾ ਹੈ ਤਾਂ ਉਸ ਨੂੰ ਰੋਕਣ ਦੇ ਕੀ ਪ੍ਰਬੰਧ ਹਨ?
ਕਾਨੂੰਨ ਵਿਵਸਥਾ ਨੂੰ ਕਿਸੇ ਵੀ ਹਾਲਤ ਵਿੱਚ ਵਿਗੜਨ ਨਹੀਂ ਦਿੱਤਾ ਜਾ ਸਕਦਾ। ਅਜਨਾਲਾ ਕਾਂਡ ਦੇ ਦੋਸ਼ੀਆਂ ਦੀ ਪਛਾਣ ਕਰਨ ਲਈ ਪੁਲਿਸ 52 ਵੀਡੀਓਜ਼ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੌਣ ਹਥਿਆਰ ਲੈ ਕੇ ਆਇਆ ਸੀ ਅਤੇ ਆਪਣੀ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ‘ਤੇ ਕਿਹੜੇ ਗਰਮ-ਖਿਆਲੀਆਂ ਨੇ ਹਮਲਾ ਕੀਤਾ। ਗਰਮ ਖਿਆਲੀਆਂ ਨੂੰ ਰੋਕਣ ਵਿੱਚ ਕਿੱਥੇ ਗਲਤੀ ਹੋਈ ਤੇ ਭਵਿੱਖ ਵਿੱਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕਾਰਜ ਯੋਜਨਾ ਕੀ ਹੋਵੇਗੀ। ਐਤਵਾਰ ਸ਼ਾਮ ਤੱਕ ਸਰਕਾਰ ਨੂੰ ਰਿਪੋਰਟ ਸੌਂਪਣ ਦੀ ਤਿਆਰੀ ਚੱਲ ਰਹੀ ਹੈ।