ਬ੍ਰਿਟੇਨ ਵਿਚ ਮਹਿੰਗਾਈ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਆਮ ਲੋਕਾਂ ਦੇ ਨਾਲ-ਨਾਲ ਅਧਿਆਪਕਾਂ, ਸਿਹਤ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੀ ਫੂਡ ਬੈਂਕਾਂ ‘ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਦਸੰਬਰ 2022 ਅਤੇ ਜਨਵਰੀ 2023 ਵਿੱਚ, ਲੋਕਾਂ ਨੇ ਫੂਡ ਬੈਂਕ ਤੋਂ ਵੱਧ ਤੋਂ ਵੱਧ ਮਦਦ ਮੰਗੀ। ਯੂਕੇ ਵਿੱਚ ਲਗਭਗ 154 ਸੰਸਥਾਵਾਂ ਫੂਡ ਬੈਂਕ ਚਲਾਉਂਦੀਆਂ ਹਨ, ਜੋ ਲੋਕਾਂ ਨੂੰ ਮੁਫਤ ਭੋਜਨ ਵੰਡਦੀਆਂ ਹਨ।
ਇੰਡੀਪੈਂਡੈਂਟ ਫੂਡ ਏਡ ਨੈੱਟਵਰਕ (IFAN) ਨੇ ਇਹ ਰਿਪੋਰਟ 90 ਫੀਸਦੀ ਫੂਡ ਬੈਂਕਾਂ ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਫੂਡ ਬੈਂਕਾਂ ਦਾ ਸੰਚਾਲਨ ਕਰਨ ਵਾਲੀਆਂ 85 ਸੰਸਥਾਵਾਂ ਨੇ ਦੱਸਿਆ ਕਿ ਜਦੋਂ ਭੋਜਨ ਮੰਗਣ ਵਾਲਿਆਂ ਦੀ ਗਿਣਤੀ ਵਧੀ ਤਾਂ ਉਨ੍ਹਾਂ ਨੇ ਕਈ ਵਾਰ ਭੋਜਨ ‘ਤੇ ਕਟੌਤੀ ਕੀਤੀ ਅਤੇ ਖਾਣਾ ਮੰਗਣ ਆਏ ਕਈ ਲੋਕਾਂ ਨੂੰ ਵੀ ਮੋੜ ਦਿੱਤਾ।
ਬ੍ਰਿਟੇਨ ਵਿੱਚ ਸਭ ਤੋਂ ਵੱਡਾ ਫੂਡ ਬੈਂਕ ਦ ਟਰਸੇਲ ਟਰੱਸਟ ਨਾਮ ਦੀ ਇੱਕ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਵਿੱਚ 1300 ਤੋਂ ਵੱਧ ਫੂਡ ਬੈਂਕ ਹਨ। ਟਰੱਸਟ ਮੁਤਾਬਕ ਉਸਨੇ ਪਿਛਲੇ ਸਾਲ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ 1.3 ਮਿਲੀਅਨ ਐਮਰਜੈਂਸੀ ਫੂਡ ਪੈਕੇਟ ਵੰਡੇ ਸਨ। ਅੰਕੜਿਆਂ ਮੁਤਾਬਕ ਹੁਣ ਤੱਕ 3 ਲੱਖ 20 ਹਜ਼ਾਰ ਤੋਂ ਵੱਧ ਲੋਕ ਭੋਜਨ ਲਈ ਫੂਡ ਬੈਂਕ ਜਾ ਚੁੱਕੇ ਹਨ।
ਇਹ ਗਿਣਤੀ 2021 ਦੇ ਮੁਕਾਬਲੇ ਇੱਕ ਤਿਹਾਈ ਵੱਧ ਹੈ, ਜਦੋਂਕਿ ਇਹ ਮਹਾਂਮਾਰੀ ਤੋਂ ਪਹਿਲਾਂ ਨਾਲੋਂ 50 ਫੀਸਦੀ ਵੱਧ ਹੈ। ਮਹਿੰਗਾਈ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਵੀ ਪ੍ਰਭਾਵਿਤ ਹੋਈ ਹੈ। ਇਸ ਨਾਲ ਬ੍ਰਿਟੇਨ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਲੜੀਵਾਰ ਹੜਤਾਲਾਂ ਵੀ ਹੋਈਆਂ ਹਨ। ਜੂਨੀਅਰ ਡਾਕਟਰਾਂ ਦੇ ਹੜਤਾਲ ‘ਤੇ ਜਾਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਆਮ ਲੋਕ ਅਨਾਜ ਖਰੀਦਣ ਤੋਂ ਅਸਮਰੱਥ ਹੋ ਰਹੇ ਹਨ। ਅਜਿਹੇ ਲੋਕਾਂ ਦੀ ਫੂਡ ਬੈਂਕਾਂ ‘ਤੇ ਨਿਰਭਰਤਾ ਵਧ ਗਈ ਹੈ।
IFAN ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਜੋ ਭੋਜਨ ਲਈ ਫੂਡ ਬੈਂਕਾਂ ਵਿੱਚ ਗਏ ਹਨ, ਇਸ ਵੇਲੇ ਨੌਕਰੀ ਕਰ ਰਹੇ ਹਨ। ਫੂਡ ਬੈਂਕਾਂ ‘ਚ ਜਾਣ ਵਾਲੇ ਲੋਕਾਂ ‘ਚੋਂ 80 ਫੀਸਦੀ ਤੋਂ ਵੱਧ ਅਜਿਹੇ ਹਨ, ਜਿਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਮਦਦ ਨਹੀਂ ਲਈ।