ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਗ੍ਰਿਫਤਾਰ ਕੀਤਾ ਹੈ । ਕੋਟਫੱਤਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਵਿਜੀਲੈਂਸ ਨੇ ਰਾਜਪੁਰਾ ਤੋਂ ਕੋਟਫੱਤਾ ਨੂੰ ਗ੍ਰਿਫਤਾਰ ਕੀਤਾ ਹੈ। ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਉਨ੍ਹਾਂ ਦੇ ਪੀਏ ਰਿਸ਼ਮ ਸਿੰਘ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ।
ਉਸ ਸਮੇਂ ਵਿਧਾਇਕ ਤੋਂ ਵੀ ਕਰੀਬ 4 ਘੰਟੇ ਸਰਕਟ ਹਾਊਸ ਵਿੱਚ ਪੁੱਛਗਿੱਛ ਕੀਤੀ ਗਈ ਸੀ । ਹਾਲਾਂਕਿ ਉਸ ਸਮੇਂ ਵਿਜੀਲੈਂਸ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ ਵਿਜੀਲੈਂਸ ਕੋਟਫੱਤਾ ਨੂੰ ਬਠਿੰਡਾ ਲੈ ਗਈ ਹੈ। ਉੱਥੇ ਵਿਜੀਲੈਂਸ ਦਫ਼ਤਰ ਵਿੱਚ ਪ੍ਰਾਈਵੇਟ ਪੀਏ ਤੇ ਵਿਧਾਇਕ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ।
ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਦੇ ਪ੍ਰਾਈਵੇਟ ਪੀਏ ਰੇਸ਼ਮ ਸਿੰਘ ਨੇ ਬਠਿੰਡਾ ਦੇ ਸਰਕਟ ਹਾਊਸ ਵਿਖੇ ਰਿਸ਼ਵਤ ਦੀ ਰਕਮ ਲਈ ਤਾਂ ਵਿਧਾਇਕ ਕੋਟਫੱਤਾ ਕਾਰ ਤੋਂ ਹੇਠਾਂ ਉਤਰ ਕੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ । ਵਿਜੀਲੈਂਸ ਨੇ DSP ਸੰਦੀਪ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ। ਪੀਏ ਰੇਸ਼ਮ ਸਿੰਘ ਨੇ ਵੀ ਗ੍ਰਿਫਤਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਉਸ ਤੋਂ ਬਾਅਦ ਵਿਧਾਇਕ ਨੂੰ ਵੀ ਟੀਮ ਨੇ ਹਿਰਾਸਤ ਵਿੱਚ ਲੈ ਲਿਆ ।