ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜਾਦੀ ਲਈ ਸ਼ਹੀਦੀ ਦੇਣੀ ਪੈਂਦੀ ਹੈ, ਬਿਨਾਂ ਸ਼ਹੀਦੀ ਤੋਂ ਆਜਾਦੀ ਨਹੀਂ ਮਿਲਦੀ ਹੈ। ਅਸੀਂ ਆਪਣਾ ਰਾਜ ਲੈਣਾ ਹੈ, ਦੁਨੀਆ ਦੀ ਕੋਈ ਤਾਕਤ ਸਾਨੂੰ ਆਜ਼ਾਦ ਦੇਸ਼ ਖਾਲਿਸਤਾਨ ਲੈਣ ਤੋਂ ਨਹੀਂ ਰੋਕ ਸਕਦੀ, ਅੱਜ ਨਹੀਂ ਤਾਂ ਕੱਲ੍ਹ ਸਾਡਾ ਰਾਜ ਆਵੇਗਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਕੌਮ ਨੂੰ ਪਿੱਠ ਨਹੀਂ ਵਿਖਾ ਸਕਦਾ ਹਾਂ। ਛੇਤੀ ਉਹ ਸਮਾਂ ਆਵੇਗਾ ਅਤੇ ਮੈਂ ਸ਼ਹੀਦੀ ਦੇਣ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ, ਕੋਈ ਹਕੂਮਤ ਮੈਨੂੰ ਡਰਾ ਨਹੀਂ ਸਕਦੀ ਹੈ।
ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਮੈਂ ਜਵਾਨੀ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ। ਮੈਂ ਬੁੱਢਾ ਹੋ ਕੇ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀ ਹੈ। ਮੈਂ ਕੋਈ ਜਾਇਦਾਦ ਨਹੀਂ ਬਣਵਾਂਗਾ। ਜੋ ਕੁਝ ਵੀ ਮੇਰੇ ਕੋਲ ਹੈ, ਉਹ ਸਭ ਕੌਮ ਦਾ ਹੈ। ਦੀਪ ਸਿੱਧੂ ਦੇ ਕਹਿਣ ਉਤੇ ਵੀ ਮੈਂ ਕੇਸ਼ ਰੱਖੇ ਸਨ। ਜਦੋਂ ਮੈਂ ਪੰਜਾਬ ਆਇਆ ਤਾਂ ਏਅਰਪੋਰਟ ਉਤੇ ਮੇਰੇ ਤੋਂ ਏਜੰਸੀਆਂ ਨੇ ਕਰੀਬ ਪੰਜ ਘੰਟੇ ਪੁਛਗਿੱਛ ਕੀਤੀ ਸੀ। ਉਹ ਪੁੱਛਦੇ ਸਨ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਰਾਜ ਕਰਨ ਦਾ ਇਛੁਕ ਨਹੀਂ ਹਾਂ। ਸਾਰੇ ਸਿੱਖ ਸੰਗਠਨ ਇੱਕ ਹੋਣ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ।