ਯੋਗ ਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਮਗਰੋਂ ਦੇਸ਼ ਵਿਚ ਕੈਂਸਰ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਇਹ ਟਿੱਪਣੀ ਗੋਆ ਦੇ ਮਿਰਾਮਰ ਤੱਟ ’ਤੇ ਪਤੰਜਲੀ ਯੋਗ ਸਮਿਤੀ ਦੇ ਤਿੰਨ ਦਿਨਾ ਯੋਗ ਕੈਂਪ ਦੀ ਸ਼ੁਰੂਆਤ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀ।
ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਉਨ੍ਹਾਂ ਨਾਲ ਸਟੇਜ ’ਤੇ ਮੌਜੂਦ ਸਨ। ਹਾਲਾਂਕਿ ਦੂਜੇ ਪਾਸੇ ਮੈਡੀਕਲ ਮਾਹਿਰਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ (ਕਰੋਨਾ ਤੇ ਕੈਂਸਰ) ਦਾ ਆਪਸ ’ਚ ਕੋਈ ਸਬੰਧ ਨਹੀਂ ਹੈ ਤੇ ਕੈਂਸਰ ਕੇਸਾਂ ’ਚ ਵਾਧਾ ਆਮ ਵਰਤਾਰਾ ਹੈ। ਰਾਮਦੇਵ ਨੇ ਕਿਹਾ, ‘‘ਕੈਂਸਰ ਵਿਚ ਬਹੁਤ ਵਾਧਾ ਹੋਇਆ ਹੈ। ਕਰੋਨਾ ਮਹਾਮਾਰੀ ਮਗਰੋਂ ਇਸ ਰੋਗ ਦੇ ਕੇਸ ਵਧੇ ਹਨ। ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ (ਨਜ਼ਰ) ਅਤੇ ਸੁਣਨ ਦੀ ਸ਼ਕਤੀ ਪ੍ਰਭਾਵਿਤ ਹੋਈ ਹੈ।’’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਪਨਾ ਹੈ ਕਿ ਭਾਰਤ ‘ਤੰਦਰੁਸਤੀ ਦਾ ਆਲਮੀ ਕੇਂਦਰ’ ਹੋਣਾ ਚਾਹੀਦਾ ਹੈ। ਮੇਰਾ ਵੀ ਇਹ ਸੁਪਨਾ ਹੈ ਗੋਆ ‘ਤੰਦਰੁਸਤੀ ਦਾ ਕੇਂਦਰ’ ਹੋਣਾ ਚਾਹੀਦਾ ਹੈ।’’ ਬਾਬਾ ਰਾਮਦੇਵ ਮੁਤਾਬਕ ਸੈਲਾਨੀਆਂ ਨੂੰ ਸਿਰਫ਼ ਇੱਥੇ ਸੁੰਦਰ ਨਜ਼ਾਰੇ ਦੇਖਣ ਲਈ ਨਹੀਂ ਬਲਕਿ ਖੂਨ ਦੇ ਦਬਾਅ, ਸ਼ੂਗਰ, ਥਾਇਰਾਇਡ, ਕੈਂਸਰ ਤੇ ਹੋਰ ਰੋਗਾਂ ਦੇ ਇਲਾਜ ਲਈ ਵੀ ਗੋਆ ਆਉਣਾ ਚਾਹੀਦਾ ਹੈ।