ਇਕ ਦੇਸੀ ਵਿਆਹ ਦੀ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਟਵਿੱਟਰ ਉਤੇ @akshayhspatel ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਵਿਚ ਲੋਕ ਵਿਆਹ ਸਮਾਗਮ ‘ਚ ਘਰ ਦੀ ਛੱਤ ਤੋਂ ਲੱਖਾਂ ਰੁਪਏ ਉਡਾਉਂਦੇ ਨਜ਼ਰ ਆ ਰਹੇ ਹਨ। ਟਾਈਮ ਨਾਓ ਨਿਊਜ਼ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਰਾਨ ਕਰਨ ਵਾਲਾ ਵੀਡੀਓ ਗੁਜਰਾਤ ਦੀ ਕੇਕਰੀ ਤਹਿਸੀਲ ਦੇ ਸੇਵੜਾ ਅਗੋਲ ਪਿੰਡ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਥੇ ਸਰਪੰਚ ਦੇ ਭਤੀਜੇ ਦਾ ਵਿਆਹ ਹੋ ਰਿਹਾ ਸੀ। ਇਸ ਦੌਰਾਨ ਲੋਕ ਖੁਸ਼ੀ ‘ਚ ਨੋਟਾਂ ਦੀ ਵਰਖਾ ਕਰ ਰਹੇ ਸਨ। ਵਿਆਹ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੋਟਾਂ ਦੀ ਬਾਰਿਸ਼ ਦੇਖ ਕੇ ਯੂਜ਼ਰਸ ਹੈਰਾਨ ਹਨ।
ਵੀਡੀਓ ‘ਚ ਰਿਸ਼ਤੇਦਾਰਾਂ ਨੂੰ ਬਾਲਕੋਨੀ ਅਤੇ ਛੱਤ ਤੋਂ 10 ਤੋਂ 500 ਰੁਪਏ ਤੱਕ ਦੇ ਨੋਟ ਸੁੱਟਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਨੋਟ ਹਵਾ ਵਿੱਚ ਉੱਡਦੇ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸਮਾਰੋਹ ਦੌਰਾਨ ਲੋਕ ਨੋਟਾਂ ਨੂੰ ਚੁੱਕਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਗੁਜਰਾਤ ਵਿੱਚ ਨੋਟਾਂ ਅਤੇ ਗਹਿਣਿਆਂ ਦੀ ਵਰਖਾ ਦੀ ਇਹ ਘਟਨਾ ਕੋਈ ਪਹਿਲੀ ਨਹੀਂ ਹੈ। ਕੁਝ ਸਾਲ ਪਹਿਲਾਂ, ਗੁਜਰਾਤ ਦੇ ਵਲਸਾਡ ਤੋਂ ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿੱਥੇ ਇੱਕ ਚੈਰਿਟੀ ਸਮਾਗਮ ਦੌਰਾਨ ਗਾਇਕਾਂ ਉਤੇ ਲਗਭਗ 50 ਲੱਖ ਰੁਪਏ ਦੀ ਵਰਖਾ ਕੀਤੀ ਗਈ ਸੀ।