ਜਲੰਧਰ – ਸਾਇੰਸ ਸਿਟੀ ਦੀ ਪਾਰਕਿੰਗ ਵਿੱਚ ਖੜ੍ਹੀ ਸਕੋਡਾ ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪਰਿਵਾਰ ਸਮੇਤ ਬੱਚੇ ਗੱਡੀ ਵਿੱਚ ਸਵਾਰ ਸਨ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਦੀਆਂ ਲਪਟਾਂ ਦੇਖ ਕਾਰ ‘ਚ ਬੈਠੇ ਪਰਿਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਉੱਥੇ ਮੌਜੂਦ ਲੋਕਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜੇਕਰ ਅੱਗ ‘ਤੇ ਕਾਬੂ ਪਾਉਣ ‘ਚ ਥੋੜ੍ਹੀ ਦੇਰ ਹੁੰਦੀ ਤਾਂ ਪਾਰਕਿੰਗ ‘ਚ ਖੜ੍ਹੀਆਂ ਹੋਰ ਗੱਡੀਆਂ ਨੂੰ ਵੀ ਅੱਗ ਲੱਗ ਜਾਂਦੀ ਅਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸਾਇੰਸ ਸਿਟੀ ਦੀ ਪਾਰਕਿੰਗ ਵਿੱਚ ਵਾਪਰੇ ਇਸ ਹਾਦਸੇ ਦੌਰਾਨ 1 ਘੰਟੇ ਤੱਕ ਫਾਇਰ ਬ੍ਰਿਗੇਡ ਦਾ ਕੋਈ ਪਤਾ ਨਹੀਂ ਲੱਗਾ ਅਤੇ ਨਾ ਹੀ ਸਾਇੰਸ ਸਿਟੀ ਵਿੱਚ ਕੰਮ ਕਰ ਰਹੇ ਸਟਾਫ਼ ਨੇ ਕੋਈ ਫਾਇਰ ਸੇਫਟੀ ਯੰਤਰ ਵਰਤ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਉਲਟ ਲੋਕਾਂ ਨੇ ਖੁਦ ਸਾਇੰਸ ਸਿਟੀ ‘ਚ ਲੱਗੇ ਉਪਕਰਨਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਦਿੰਦਿਆਂ ਗੁਲਮੋਹਰ ਸਿਟੀ ਵਾਸੀ ਲਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਾਇੰਸ ਸਿਟੀ ਦੇਖਣ ਗਿਆ ਸੀ। ਸ਼ਾਮ ਕਰੀਬ 5 ਵਜੇ ਜਦੋਂ ਉਹ ਪਰਿਵਾਰ ਸਮੇਤ ਕਾਰ ‘ਚ ਬੈਠ ਕੇ ਕਾਰ ਸਟਾਰਟ ਕਰਨ ਲੱਗਾ ਤਾਂ ਕਾਰ ‘ਚ ਭਿਆਨਕ ਅੱਗ ਲੱਗ ਗਈ। ਸਾਇੰਸ ਸਿਟੀ ਦੇ ਪ੍ਰਬੰਧਕਾਂ ’ਤੇ ਦੋਸ਼ ਲਾਉਂਦਿਆਂ ਲਖਬੀਰ ਨੇ ਕਿਹਾ ਕਿ ਸਾਇੰਸ ਸਿਟੀ ਦੇ ਅੰਦਰ ਫਾਇਰ ਇੰਜਣ ਨਾ-ਮਾਤਰ ਹਨ , ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।