ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਸਮਾਨ ਵਿਚ ਉਡ ਰਹੇ ਸ਼ੱਕੀ ਗੁਬਾਰਿਆਂ ਨੂੰ ਡੇਗਣ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਚੀਨ ਦੇ ਨਾਲ ਨਵੀਂ ਕੋਲਡ ਵਾਰ ਨਹੀਂ ਚਾਹੁੰਦੇ, ਪਰ ਪਿਛਲੇ ਕੁਝ ਦਿਨਾਂ ’ਚ ਅਸਮਾਨ ’ਚ ਉਡ ਰਹੇ ਗੁਬਾਰਿਆਂ ਨੂੰ ਹੇਠਾਂ ਸੁੱਟਣ ਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ। ਅਸੀਂ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਅਜਿਹੇ ਫੈਸਲੇ ਲੈਂਦੇ ਰਹਾਂਗੇ। ਪਿਛਲੇ ਦਿਨੀਂ ਅਮਰੀਕਾ ਦੇ ਅਲਾਸਕਾ, ਕੈਨੇਡਾ ਅਤੇ ਮਿਸ਼ੀਗਨ ਵਿੱਚ ਉਡਣ ਵਾਲੀਆਂ ਵਸਤੂਆਂ ਦੇਖੀਆਂ ਗਈਆਂ ਸਨ। ਉਨ੍ਹਾਂ ਨੂੰ ਤਿੰਨਾਂ ਥਾਵਾਂ ’ਤੇ ਮਾਰਿਆ ਗਿਆ। ਇਸ ’ਤੇ ਜੋਅ ਬਾਈਡਨ ਨੇ ਕਿਹਾ ਕਿ ਫਿਲਹਾਲ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਹਾਂ ਕਿ ਅਸੀਂ ਜੋ ਤਿੰਨ ਸ਼ੱਕੀ ਚੀਜ਼ਾਂ ਨੂੰ ਮਾਰਿਆ ਹੈ, ਉਹ ਕਿਹੜੀਆਂ ਸਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਇਹ ਚੀਨ ਤੋਂ ਭੇਜੇ ਗਏ ਜਾਸੂਸੀ ਗੁਬਾਰੇ ਸਨ ਜਾਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਨੇ ਨਿਗਰਾਨੀ ਲਈ ਭੇਜਿਆ ਸੀ। ਇੰਟੈਲੀਜੈਂਸ ਕਮਿਊਨਿਟੀ ਕੋਲ ਵੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ।