ਮਾਨਸਾ- ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਮਗਰੋਂ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਆਰਥਿਕ ਹਾਲਤ ਦਾ ਧੂੰਆਂ ਨਿਕਲਣ ਲੱਗਿਆ ਹੈ। ਪੀਆਰਟੀਸੀ ਦੀਆਂ ਮੁਲਾਜ਼ਮ ਜਥੇਬੰਦੀਆਂ ਇਸ ਆਰਥਿਕ ਕੰਗਾਲੀ ਕਾਰਨ ਮੈਦਾਨ ਵਿੱਚ ਨਿੱਤਰ ਆਈਆਂ ਹਨ, ਜਦੋਂਕਿ ਮਾਲਵਾ ਖੇਤਰ ਵਿੱਚ ਕਾਰਪੋਰੇਸ਼ਨ ਨੂੰ ਘਾਟੇ ਕਾਰਨ ਬੱਸ ਸੇਵਾ ਨੂੰ ਬਰੇਕਾਂ ਲੱਗਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਔਰਤਾਂ ਲਈ ਮੁਫ਼ਤ ਸਫ਼ਰ ਦੀ ਰਾਸ਼ੀ ਕਈ ਮਹੀਨਿਆਂ ਤੋਂ ਜਾਰੀ ਨਹੀਂ ਕੀਤੀ ਹੈ, ਜਿਸ ਕਾਰਨ ਕਾਰਪੋਰੇਸ਼ਨ ਦੀਆਂ ਨਵੀਂਆਂ ਬੱਸਾਂ ਲਈ ਡੀਜ਼ਲ ਦਾ ਖਰਚਾ ਕੱਢਣਾ ਮੁਸ਼ਕਲ ਹੋ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ, ਸੂਬਾਈ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ, ਪਰ ਇਸ ਰਾਸ਼ੀ ਦਾ ਕਾਰਪੋਰੇਸ਼ਨ ਨੂੰ ਸਮੇਂ ਸਿਰ ਭੁਗਤਾਨ ਨਾ ਹੋਣ ਕਾਰਨ ਪੀਆਰਟੀਸੀ ਦੀ ਗੱਡੀ ਖੁਦ ਲੀਹ ਤੋਂ ਲਹਿੰਦੀ ਜਾਪ ਰਹੀ ਹੈ। ਉਸ ਸਮੇਂ ਫੈਸਲਾ ਹੋਇਆ ਸੀ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਬਿੱਲ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਵੱਲੋਂ ਹਰ ਮਹੀਨੇ ਸਰਕਾਰ ਨੂੰ ਭੇਜੇ ਜਾਣਗੇ ਅਤੇ ਸਰਕਾਰ ਉਸ ਦਾ ਬਣਦਾ ਭੁਗਤਾਨ ਹਰ ਮਹੀਨੇ ਕਰਦੀ ਰਹੇਗੀ। ਉਦੋਂ ਤੋਂ ਸਰਕਾਰ ਨੂੰ ਬਿੱਲ ਤਾਂ ਜਾ ਰਹੇ ਹਨ, ਪਰ ਇਨ੍ਹਾਂ ਦਾ ਭੁਗਤਾਨ ਨਹੀਂ ਹੋ ਰਿਹਾ। ਕਾਰਪੋਰੇਸ਼ਨ ਦੇ ਜਥੇਬੰਦਕ ਆਗੂਆਂ ਕੁਲਵੰਤ ਸਿੰਘ ਮਨੇਸ਼, ਸੰਦੀਪ ਗਰੇਵਾਲ, ਗੁਰਦੀਪ ਸਿੰਘ, ਕੁਲਦੀਪ ਸਿੰਘ ਬਾਦਲ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਹਾਕੂਵਾਲਾ ਨੇ ਦੱਸਿਆ ਕਿ ਪੀਆਰਟੀਸੀ ਦੇ ਪੰਜਾਬ ਸਰਕਾਰ ਵੱਲ 350 ਕਰੋੜ ਰੁਪਏ ਬਕਾਇਆ ਹਨ। ਪੰਜਾਬ ਰੋਡਵੇਜ਼ ਦੇ ਵੀ ਮਹਿਲਾ ਸਵਾਰੀਆਂ ਨੂੰ ਮੁਫ਼ਤ ਸਫ਼ਰ ਕਰਵਾਉਣ ਦੇ ਸਰਕਾਰ ਵੱਲ 177 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਆਗੂਆਂ ਨੇ ਕਿਹਾ ਕਿ ਰੁਕੇ ਹੋਏ ਬਕਾਏ ਕਾਰਨ ਕਾਰਪੋਰੇਸ਼ਨ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਡੀਜ਼ਲ, ਸਪੇਅਰ-ਪਾਰਟਸ ਅਤੇ ਰੋਜ਼ਾਨਾ ਹੋਣ ਵਾਲੇ ਹੋਰ ਖਰਚੇ ਕੱਢਣਾ ਔਖਾ ਹੋ ਗਿਆ ਹੈ।