ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਅਤੇ ਸ਼੍ਰੀ ਪੰਚਦਸਨਮ ਜੂਨਾ ਅਖਾੜਾ ਦੇ ਮੁਖੀ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਵੀਰਵਾਰ ਸਵੇਰੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਤਿੰਨ ਦਿਨਾਂ ਤੋਂ ਉੱਥੇ ਦਾਖਲ ਸਨ। ਉਨ੍ਹਾਂ ਦੇ ਦਿਹਾਂਤ ਨਾਲ ਸਮੁੱਚੇ ਹਿੰਦੂ ਸਮਾਜ ਵਿੱਚ ਸੋਗ ਦਾ ਮਾਹੌਲ ਹੈ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਸ਼ਰਧਾਲੂਆਂ ਦੇ ਅੰਤਿਮ ਦਰਸ਼ਨਾਂ ਲਈ ਮੈਕਸ ਹਸਪਤਾਲ ਮੁਹਾਲੀ ਤੋਂ ਜਵਾਲਾ ਜੀ ਮੰਦਰ, ਬੁੜੈਲ ਸੈਕਟਰ 45, ਚੰਡੀਗੜ੍ਹ ਲਿਜਾਇਆ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਢਕੋਲੀ ਜ਼ੀਰਕਪੁਰ ਡੇਰੇ ਵਿਖੇ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਤਿਮ ਦਰਸ਼ਨ ਕੀਤੇ। ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵੀ ਪਟਿਆਲਾ ਵਾਸੀਆਂ ਨੇ ਮਹਾਰਾਜ ਜੀ ਦੀ ਮ੍ਰਿਤਕ ਦੇਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਇਸ ਸਮੇਂ ਸ਼ਰਧਾਲੂਆਂ ਦੇ ਅੰਤਿਮ ਦਰਸ਼ਨਾਂ ਲਈ ਸ਼੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਦੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਲੰਗਰ ਭਵਨ ਵਿਖੇ ਰੱਖਿਆ ਗਿਆ ਹੈ, ਜਿਥੇ ਲੋਕ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਪੰਚਾਨੰਦ ਗਿਰੀ ਜੀ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਅਖਾੜਿਆਂ ਤੋਂ ਸੰਤ, ਮਹੰਤ, ਮਹਾਮੰਡਲੇਸ਼ਵਰ ਵੱਡੀ ਗਿਣਤੀ ਵਿੱਚ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਜਨਮ 29 ਜੁਲਾਈ 1971 ਨੂੰ ਪਟਿਆਲਾ ਵਿੱਚ ਹੋਇਆ ਸੀ। 9 ਸਾਲ ਦੀ ਉਮਰ ਤੋਂ ਉਨ੍ਹਾਂ ਨੇ ਹਿੰਦੂ ਸੁਰੱਖਿਆ ਕਮੇਟੀ ਦੇ ਤਤਕਾਲੀ ਪ੍ਰਧਾਨ, ਸ਼ੇਰ-ਏ-ਹਿੰਦ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਆਪਣਾ ਜੀਵਨ ਹਿੰਦੂ ਧਰਮ ਨੂੰ ਸਮਰਪਿਤ ਕਰ ਦਿੱਤਾ। ਹੌਲੀ-ਹੌਲੀ ਹਿੰਦੂ ਸੁਰੱਖਿਆ ਕਮੇਟੀ ਦੇ ਪ੍ਰਧਾਨ ਬਣ ਗਏ। ਇਸ ਤੋਂ ਬਾਅਦ ਹਿੰਦੂਤਵ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਪੰਚਦਸ਼ਨਮ ਜੂਨਾ ਅਖਾੜੇ ਦਾ ਮਹਾਮੰਡਲੇਸ਼ਵਰ ਨਿਯੁਕਤ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਗਦਗੁਰੂ ਦੀ ਉਪਾਧੀ ਨਾਲ ਨਿਵਾਜਿਆ ਗਿਆ।