ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਅਤੇ OSD ਰਹੇ ਕੈਪਟਨ ਸੰਦੀਪ ਸੰਧੂ ਨੂੰ ਲੁਧਿਆਣਾ ਵਿਜੀਲੈਂਸ ਟੀਮ ਨੇ ਪੁੱਛਗਿੱਛ ਲਈ ਬੁਲਾਇਆ ਹੈ। ਸੰਦੀਪ ਸੰਧੂ ‘ਤੇ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ, 23 ਲੱਖ ਰੁਪਏ ਦੇ ਆਰਓ ਅਤੇ 53 ਲੱਖ ਰੁਪਏ ਦੇ ਸਪੋਰਟਸ ਕਿੱਟ ਘੁਟਾਲੇ ਦੇ ਆਰੋਪ ਹਨ। ਦੱਸਿਆ ਜਾ ਰਿਹਾ ਹੈ ਕਿ ਸੰਧੂ ਤੋਂ ਇਲਾਵਾ ਵਿਜੀਲੈਂਸ ਨੇ ਦੋ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਦਰਅਸਲ ਸਿੰਧਵਾ ਬੇਟ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਦੀ ਤਰਫੋਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ। ਇਨ੍ਹਾਂ ਸਟਰੀਟ ਲਾਈਟਾਂ ’ਤੇ 65 ਲੱਖ ਰੁਪਏ ਖਰਚ ਕੀਤੇ ਗਏ। ਇਸ ਦੌਰਾਨ 23 ਲੱਖ ਰੁਪਏ ਦੀ ਕੀਮਤ ਦੇ ਆਰ.ਓ ਸਿਸਟਮ ਲਗਾਏ ਗਏ, ਜਦਕਿ 53 ਲੱਖ ਰੁਪਏ ਦੀ ਸਪੋਰਟਸ ਕਿੱਟ ਲਗਾਈ ਗਈ। ਲਾਈਟਾਂ ਲਗਾਉਣ ਵਾਲੇ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਸੰਦੀਪ ਸੰਧੂ ਸਮੇਤ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਵਿਜੀਲੈਂਸ ਟੀਮ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।