ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਤੋਂ ਨਾਨਕਸ਼ਾਹੀ ਸੰਮਤ 555 (2023-24) ਦਾ ਕੈਲੰਡਰ ਜਾਰੀ ਕੀਤਾ ਗਿਆ। ਨਾਨਕਸ਼ਾਹੀ ਸੰਮਤ ਮੁਤਾਬਕ ਨਵਾਂ ਵਰ੍ਹਾ ਇਕ ਚੇਤ ਭਾਵ 14 ਮਾਰਚ ਤੋਂ ਆਰੰਭ ਹੋਵੇਗਾ ਪਰ ਸ਼੍ਰੋਮਣੀ ਕਮੇਟੀ ਵੱਲੋਂ ਨਵੇ ਵਰ੍ਹੇ ਦਾ ਕੈਲੰਡਰ ਇਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਹੈ।
ਇਹ ਕੈਲੰਡਰ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ। ਇਸ ਵਾਰ ਦਾ ਕੈਲੰਡਰ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਤੇ ਜੈਤੋ ਦੇ ਮੋਰਚੇ ਦੇ 100 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਇਸ ਕੈਲੰਡਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਆ ਰਹੇ ਸ਼ਤਾਬਦੀ ਦਿਹਾੜਿਆਂ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ।