ਕੈਨਬਰਾ: ਆਸਟਰੇਲੀਆ ਦੇ ਆਵਾਸ ਮੰਤਰੀ ਐਂਡਰਿਊ ਗਾਇਲਜ਼ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਕੁਝ ਆਰਜ਼ੀ ਵੀਜ਼ਾ ਧਾਰਕਾਂ ਨੂੰ ਪੱਕੀ ਰਿਹਾਇਸ਼ ਲਈ ਵੀਜ਼ਾ ਦੇਣ ਦੀ ਯੋਜਨਾ ਉਤੇ ਕੰਮ ਕਰ ਰਹੀ ਹੈ। ਇਸ ਬਾਰੇ ਵਾਅਦਾ ਚੋਣਾਂ ਦੌਰਾਨ ਕੀਤਾ ਗਿਆ ਸੀ। ਆਵਾਸ ਮੰਤਰੀ ਨੇ ਕਿਹਾ ਕਿ ਲੇਬਰ ਸਰਕਾਰ ਵਾਅਦੇ ਮੁਤਾਬਕ 19 ਹਜ਼ਾਰ ਸ਼ਰਨਾਰਥੀਆਂ ਤੋਂ ਅਰਜ਼ੀਆਂ ਮੰਗ ਰਹੀ ਹੈ। ਇਹ ਉਹ ਸ਼ਰਨਾਰਥੀ ਹਨ ਜੋ 2013 ਤੋਂ ਪਹਿਲਾਂ ਆਸਟਰੇਲੀਆ ਆਏ ਹਨ। ਪੱਕੀ ਰਿਹਾਇਸ਼ ਮਿਲਣ ਨਾਲ ਇਨ੍ਹਾਂ ਨੂੰ ਸਮਾਜਿਕ ਸੁਰੱਖਿਆ, ਸਿਹਤ-ਸੰਭਾਲ, ਬੀਮਾ, ਉੱਚ ਸਿੱਖਿਆ ਲਈ ਕਰਜ਼ੇ ਜਿਹੀਆਂ ਸਹੂਲਤਾਂ ਮਿਲਣਗੀਆਂ। ਇਸ ਨਾਲ ਉਹ ਆਪਣੇ ਪਰਿਵਾਰ ਨੂੰ ਆਸਟਰੇਲੀਆ ਸੱਦ ਸਕਣਗੇ।