‘ਜੇਕਰ ਕਿਸੇ ਬਾਹਰੀ ਵਿਅਕਤੀ ਨੂੰ ਦਿੱਤੀ ਗਈ ਟਿਕਟ ਤਾਂ ਨਹੀਂ ਕਰਾਂਗੇ ਸਪੋਰਟ’
ਲੁਧਿਆਣਾ (ਖੁਸ਼ਬੂ ਪੰਜਾਬ ਦੀ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਉਥੇ ਲੁਧਿਆਣਾ ਦੀ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਵੀ ਟਿਕਟ ਦੀ ਮੰਗ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ। ਲੁਧਿਆਣਾ ਦੇ ਵਾਰਡ 71 ਦੇ ਪ੍ਰਧਾਨ ਬਲਵਿੰਦਰ ਸਿੰਘ, ਜਤਿੰਦਰ ਸਿੰਘ ਖੰਗੂੜਾ, ਰਵੀ ਸੱਚਦੇਵਾ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਰੁਪਿੰਦਰ ਸਿੰਘ ਸਰਪੰਚ ਅਤੇ ਚੀਨਾ ਖਰੋਦ ਨੇ ਸਾਂਝੇ ਤੌਰ ’ਤੇ ਐਮ. ਐਲ. ਏ. ਹਲਕਾ ਵੈਸਟ ਗੁਰਪ੍ਰੀਤ ਸਿੰਘ ਬਾਸੀ ਗੋਗੀ ਜੀ, ਆਪ ਪਾਰਟੀ ਦੇ ਲੁਧਿਆਣਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਸ਼੍ਰੀ ਸੁਰੇਸ਼ ਗੋਇਲ, ਚੇਅਰਮੈਨ ਅਮਨਦੀਪ ਸਿੰਘ ਮੋਹੀ, ਆਪ ਦੇ ਪੰਜਾਬ ਸਪੋਕਸਮੈਨ ਅਤੇ ਹਲਕਾ ਵੈਸਟ ਇੰਚਾਰਜ ਅਹਿਬਾਬ ਸਿੰਘ ਗਰੇਵਾਲ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 71 ਤੋਂ ਟਿਕਟ ਸਾਡੇ ਵਿਚੋਂ ਕਿਸੇ ਵੀ ਇਕ ਵਰਕਰ ਨੂੰ ਦਿੱਤੀ ਜਾਏ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਤਾਂ ਅਸੀਂ ਉਸ ਨੂੰ ਸਪੋਰਟ ਨਹੀਂ ਕਰਾਂਗੇ। ਇਸ ਸੰਬੰਧੀ ਇਨ੍ਹਾਂ ਆਗੂਆਂ ਨੇ ਹਲਕਾ ਐਮ. ਐਲ. ਏ. ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਸਾਡੇ ਵਿਚੋਂ ਕਿਸੇ ਨੂੰ ਵੀ ਪਾਰਟੀ ਟਿਕਟ ਦਿੰਦੀ ਹੈ ਤਾਂ ਅਸੀਂ ਸਾਰੇ ਰਲ ਕੇ ਉਸ ਦਾ ਸਪੋਰਟ ਕਰਾਂਗੇ ਪਰ ਬਾਹਰੀ ਉਮੀਦਵਾਰ ਨੂੰ ਕਿਸੇ ਵੀ ਕੀਮਤ ’ਤੇ ਸਪੋਰਟ ਨਹੀਂ ਕਰਾਂਗੇ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਇਸ ਸੰਬੰਧੀ ਉਹ ਚੰਡੀਗੜ੍ਹ ’ਚ ਵੀ ਹਾਈ ਕਮਾਂਡ ਨੂੰ ਮਿਲ ਕੇ ਆਪਣੀ ਮੰਗ ਰੱਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਾਰਡ ’ਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕੀਤਾ ਹੈ ਅਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਾਂਗੇ।