ਮਾਨਸਾ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿਖੇ ਦਿੱਲੀ-ਬਠਿੰਡਾ ਰੇਲਵੇ ਲਾਈਨ ਉਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਧਰਨਾ ਪਿੰਡ ਖੋਖਰ ਖੁਰਦ ਦੀ 950 ਏਕੜ ਜ਼ਮੀਨ ਨੂੰ ਰੇਲਵੇ ਲਾਈਨ ਦੇ ਹੇਠੋਂ ਦੀ ਨਹਿਰੀ ਪਾਣੀ ਲਈ ਪੁਲੀ ਨਾ ਲੰਘਾਉਣ ਕਾਰਨ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਾਰ ਵਾਰ ਜਥੇਬੰਦੀ ਨਾਲ ਇਸ ਮਸਲੇ ਸਬੰਧੀ ਸਮਝੌਤੇ ਕਰਕੇ ਮੁੱਕਰਦਾ ਆ ਰਿਹਾ ਹੈ, ਜਦੋਂ ਕਿ ਪੁਲੀ ਨਾ ਬਣਨ ਕਰਕੇ ਨਹਿਰੀ ਪਾਣੀ ਤੋਂ ਕਈ ਸਾਲਾਂ ਤੋਂ ਕਿਸਾਨਾਂ ਦੇ ਖੇਤ ਪਿਆਸੇ ਹਨ। ਉਨ੍ਹਾਂ ਦੱਸਿਆ ਕਿ 30 ਜਨਵਰੀ ਨੂੰ ਮਾਨਸਾ ਦੇ ਐੱਸਡੀਐੱਮ ਅਤੇ ਡੀਐੱਸਪੀ ਧਰਨੇ ਵਿਚ ਆ ਕੇ ਹਫ਼ਤੇ ਤੱਕ ਪੁਲੀ ਲਈ ਹੋਣ ਵਾਲੇ ਖਰਚੇ ਦੇ ਪੈਸੇ ਰੇਲਵੇ ਨੂੰ ਪੰਜਾਬ ਸਰਕਾਰ ਵਲੋਂ ਭਰਨ ਦਾ ਭਰੋਸਾ ਦੇ ਕੇ ਗਏ ਸਨ ਪਰ ਮਿੱਥੇ ਸਮੇਂ ਤੱਕ ਰਾਸ਼ੀ ਨਾ ਭਰਨ ਤੋਂ ਤਿੰਨ ਦਿਨ ਬਾਅਦ ਅੱਜ ਮਜਬੂਰਨ ਮੁੜ ਅਣਮਿਥੇ ਸਮੇਂ ਲਈ ਰੇਲਵੇ ਲਾਈਨ ਉਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।