ਚੁਗਿੱਟੀ/ਜੰਡੂ ਸਿੰਘਾ (ਜਲੰਧਰ) : ਪਿਛਲੇ ਦਿਨੀਂ ਜਾਰਜੀਆ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਸ਼ਾਮਲ ਕੋਟ ਰਾਮਦਾਸ ਦੇ ਵਸਨੀਕ ਰਵਿੰਦਰ ਕੁਮਾਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਜਲੰਧਰ ਪਹੁੰਚੇ।
ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਮਦਦ ਲਈ ਟਰੱਸਟ ਵਲੋਂ ਅਗਾਂਹ ਵੀ ਯਤਨ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਟਰੱਸਟ ਵਲੋਂ ਮ੍ਰਿਤਕ ਰਵਿੰਦਰ ਕੁਮਾਰ ਦੇ ਬੱਚਿਆਂ ਨੂੰ ਜਿੱਥੇ ਪੜ੍ਹਾਈ ਲਈ ਪ੍ਰਤੀ ਮਹੀਨਾ 5000 ਰੁ. ਦੇਣ ਦਾ ਐਲਾਨ ਕੀਤਾ ਗਿਆ ਅਤੇ ਮ੍ਰਿਤਕ ਦੀ ਪਤਨੀ ਕੰਚਨ ਨੂੰ ਪਰਿਵਾਰ ਦੇ ਗੁਜ਼ਾਰੇ ਲਈ 5000 ਰੁ. ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ ਮ੍ਰਿਤਕ ਦੀਆਂ 2 ਧੀਆਂ ਦੇ ਵਿਆਹ ਲਈ 2–2 ਲੱਖ ਰੁਪਏ ਦੀ ਰਾਸ਼ੀ ਬੈਂਕ ਵਿਚ ਬਤੌਰ ਐਫ.ਡੀ. ਜਮ੍ਹਾਂ ਕਰਵਾਈਆਂ ਜਾਣਗੀਆਂ।
ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਵਲੋਂ ਮ੍ਰਿਤਕ ਦੀ ਪਤਨੀ ਨੂੰ ਨੌਕਰੀ ਦੁਆਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਦੇ ਦੋਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ, ਮੈਡਮ ਕੁਸ਼ਮ ਸ਼ਰਮਾ, ਐਡਵੋਕੇਟ ਮਨਮੋਹਨ ਸਿੰਘ, ਰਾਕੇਸ਼ ਖਾਂਬੜਾ, ਰਜਿੰਦਰ ਚੌਪੜਾ, ਐਸ.ਸੀ. ਸ਼ਰਮਾ ਆਦਿ ਹਾਜ਼ਰ ਸਨ।