ਪਰਾਂਦਾ

ਮੈਂ ਇੱਕ ਅੱਲੜ ਮੁਟਿਆਰ ਜੋ ਅਜੋਕੇ ਪੰਜਾਬ ਦੀ ਜੰਮੀ- ਜਾਈ ਤੇ ਪਲੀ ਹੋਈ ਹਾਂ,ਪਰ ਮੇਰੇ ਪਿੰਡ ਦੀਆਂ ਜੂਹਾਂ, ਮਾਤਾ-ਪਿਤਾ ਅਤੇ ਦਾਦੀ ਮਾਂ ਦੀਆਂ ਬਾਤਾਂ ਨੇ ਸ਼ਾਇਦ ਅੱਜ ਵੀ ਮੇਰੇ ਅੰਦਰ ਮੇਰਾ ਪੰਜਾਬੀ ਸੱਭਿਆਚਾਰ ਸਮੋ ਕੇ ਰੱਖਿਆ ਹੋਇਆ ਹੈ। ਜਿਸ ਕਰਕੇ ਕੁੱਝ ਦਿਨ ਪਹਿਲਾਂ ਮੇਰੇ ਦਿਲ ਵਿੱਚ ਇੱਕ ਨਿੱਕੀ ਜਿਹੀ ਤਾਂਘ ਉੱਠੀ ਮੇਰਾ ਦਿਲ ਕੀਤਾ ਕਿ ਮੇਰੇ ਵਾਲਾਂ ਵਿੱਚ ਇੱਕ ਪੰਜਾਬਣ ਮੁਟਿਆਰ ਵਾਂਗੂੰ ਇੱਕ ਸ਼ੀਸ਼ਿਆਂ ਵਾਲ਼ਾ ਸੁਨਿਹਰੀ ਪਰਾਂਦਾ ਹੋਵੇ,ਜੋ ਮੇਰੇ ਪੰਜਾਬਣ ਹੋਣ ਦੀ ਸ਼ਾਨ ਨੂੰ ਚਾਰ ਚੰਦ ਲਗਾਵੇ। ਮੇਰੀ ਮਾਂ ਨੂੰ ਮੇਰੇ ਸ਼ੌਕ ਪੂਰੇ ਕਰਨ ਦਾ ਬੜਾ ਚਾਅ ਏ ਮੇਰੀ ਮਾਂ ਨੇ ਮੈਨੂੰ ਸੁਨਿਹਰੀ ਗੋਟਾ ਤੇ ਸ਼ੀਸ਼ੇ ਲੱਗਿਆ ਪਰਾਂਦਾ ਲਿਆ ਕੇ ਦਿੱਤਾ। ਮੈਂ ਬੜੇ ਸ਼ੌਕ ਨਾਲ ਪਰਾਂਦਾ ਪਾਇਆ ਤੇ ਰੋਜ਼ ਵਾਂਗ ਆਪਣੇ ਕਾਲਜ ਗਈ,ਜਾਂਦੇ ਸਮੇਂ ਮੈਂ ਬੜੀ ਖੁਸ਼ ਸੀ ਪਰ ਕਾਲਜ ਵਿੱਚ ਜਾ ਕੇ ਮੈਂ ਗਿਣਵੇਂ ਦਸਾਂ ਮਿੰਟਾਂ ਵਿਚ ਹੀ ਸੋਚਾਂ ਵਿੱਚ ਪੈ ਗਈ,ਮੇਰੇ ਨਾਲ ਪੜ੍ਹਦੇ ਮੇਰੇ ਸਾਰੇ ਸਾਥੀਆਂ ਨੇ ਮੈਨੂੰ ਇੱਕ ਹੀ ਸਵਾਲ ਕੀਤਾ ” ਕਿ ਤੂੰ ਕਿਸੇ ਸੱਭਿਆਚਰਕ ਜਾ ਕੇ ਆਈ ਹੈ ਜਾਂ ਜਾਵੇਗੀ”?? ਮੈਨੂੰ ਇਸ ਗੱਲ ਦੀ ਹੈਰਾਨੀ ਜ਼ਿਆਦਾ ਨਹੀਂ ਸੀ ਕਿਉਂਕਿ ਮੇਰੇ ਦਿਲ ਵਿੱਚ ਸ਼ਾਇਦ ਇਸੇ ਦੀ ਉਮੀਦ ਸੀ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਇੰਨੀ ਬੁਰੀ ਤਰ੍ਹਾਂ ਭੁੱਲਾ ਚੁੱਕੇ ਹਾਂ ਕਿ ਸਾਡੀ ਰੋਜ਼ ਸ਼ਿੰਗਾਰ ਦੀ ਇੱਕ ਵਸਤੂ ‘ ਪਰਾਂਦਾ ‘ ਸਿਰਫ਼ ਸੱਭਿਆਚਾਰਕ ਪ੍ਰੋਗਰਾਮਾਂ ਤੱਕ ਸੀਮਤ ਰਹਿ ਗਈ ਹੈ।
ਅਸਲ ਵਿੱਚ ਮੇਰਾ ਪਰਾਂਦਾ ਮੇਰੇ ਜੀਅ ਵਿੱਚ ਹੀ ਰਹਿ ਗਿਆ ਹੈ ਕਿਉਂਕਿ ਪੰਜਾਬਣ ਮੁਟਿਆਰ ਦਾ ਸ਼ਿੰਗਾਰ ਹੁਣ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਹਰਜੋਤ ਕੌਰ (ਸਿਖਿਆਰਥੀ ਡਾਇਟ ਅਹਿਮਦਪੁਰ)

 20 total views,  1 views today

Leave a Reply

Your email address will not be published. Required fields are marked *