ਗੁਲਾਮੀ ਲਈ ਅਰਦਾਸ

ਕਿਸ਼ਨ ਸਿੰਘ ਇਕ ਸਧਾਰਨ ਕਿਸਾਨ ਸੀ। ਬਾਰਾਂ ਸਾਲ ਬਾਅਦ ਪਰਮਾਤਮਾ ਨੇ ਉਸਨੂੰ ਪੁੱਤਰ ਦੀ ਦਾਤ ਬਖਸ਼ੀ ਸੀ। ਦੁਆਵਾਂ ਮੰਗ ਮੰਗ ਕੇ ਲਿਆ ਪੁੱਤਰ ਹੁਣ ਜਵਾਨ ਹੋ ਗਿਅਾ ਸੀ। ਉਸਨੇ ਔਖਾ ਸੌਖਾ ਹੋ ਕੇ ਪੁੱਤਰ ਨੂੰ ਪੜ੍ਹਾਇਆ ਲਿਖਾਇਆ ਅਤੇ ਉਸਦਾ ਵਿਆਹ ਕਰ ਦਿੱਤਾ। ਕਿਸ਼ਨ ਸਿੰਘ ਦੇ ਘਰ ਵਾਹਿਗੁਰੂ ਨੇ ਪੋਤਰੇ ਦੀ ਦਾਤ ਬਖਸ਼ੀ। ਸਾਰਾ ਪਰਿਵਾਰ ਬੜਾ ਖੁਸ਼ ਸੀ। ਪ੍ਰੰਤੂ ਰੱਬ ਦਾ ਅੈਸਾ ਭਾਣਾ ਕਿ ਕਿਸ਼ਨ ਸਿੰਘ ਦਾ ਲੜਕਾ ਬੁਰੀ ਸੰਗਤ ਵਿੱਚ ਪੈ ਗਿਅਾ ਅਤੇ ਉਹ ਨਸ਼ੇ ਕਰਨ ਲੱਗ ਪਿਆ। ਕਿਸ਼ਨ ਸਿੰਘ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਉਸਦਾ ਲੜਕਾ ਨਾ ਮੰਨਿਆਂ ਤੇ ਅਖੀਰ ਉਸਦੀ ਮੌਤ ਹੋ ਗਈ ਅਤੇ ਹੱਸਦਾ ਵਸਦਾ ਪਰਿਵਾਰ ਉੱਜੜ ਗਿਅਾ। ਕਿਸ਼ਨ ਸਿੰਘ ਦਾ ਪੋਤਾ ਹੁਣ 6 ਕੁ ਸਾਲਾਂ ਦਾ ਹੋ ਗਿਅਾ ਸੀ।ਕਿਸ਼ਨ ਸਿੰਘ ਉਸਨੂੰ ਹਰ ਰੋਜ਼ ਆਪਣੇ ਨਾਲ ਗੁਰਦੁਆਰੇ ਮੱਥਾ ਟੇਕਣ ਲਈ ਨਾਲ ਲੈ ਕੇ ਜਾਂਦਾ ਅਤੇ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਸੀ। ਅੱਜ ਜਦ ਕਿਸ਼ਨ ਸਿੰਘ ਨੇ ਅਰਦਾਸ ਕਰਨ ਤੋਂ ਬਾਅਦ ਕਾਫੀ ਦੇਰ ਬਾਅਦ ਅੱਖਾਂ ਖੋਲੀਆਂ ਤਾਂ ਪੋਤੇ ਨੇ ਪੁੱਛਿਆ,” ਬਾਬਾ ਜੀ ਤੁਸੀਂ ਅੱਜ ਵਾਹਿਗੁਰੂ ਜੀ ਅੱਗੇ ਕੀ ਅਰਦਾਸ ਕੀਤੀ ਹੈ?” ਤਾਂ ਕਿਸ਼ਨ ਸਿੰਘ ਨੇ ਪੋਤਰੇ ਨੂੰ ਘੁੱਟਕੇ ਆਪਣੇ ਕਲਾਵੇ ਵਿੱਚ ਲਿਆ ਤੇ ਕਹਿਣ ਲੱਗਾ, ਪੁੱਤਰ ਜੀ! ਮੈਂ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕੀਤੀ ਹੈ ਕਿ ਹੇ ਸੱਚੇ ਪਾਤਸ਼ਾਹ ਜੀ! ਸਾਨੂੰ ਮੁੜਕੇ ਅੰਗਰੇਜ਼ਾਂ ਦਾ ਗੁਲਾਮ ਬਣਾ ਦਿਓ। ਕਿਉਂ ਕਿ ਇਹਨਾਂ ਆਪਣਿਆਂ ਨਾਲੋਂ ਅੰਗਰੇਜ਼ਾਂ ਦਾ ਰਾਜ਼ ਕਿਤੇ ਚੰਗਾ ਸੀ।ਨਾ ਕੋਈ ਬੇਈਮਾਨੀ ਨਾ ਕੋਈ ਭ੍ਰਿਸ਼ਟਾਚਾਰ ਅਤੇ ਨਾ ਹੀ ਹਰ
ਥਾਂ ਘਪਲੇ, ਮਿਲਾਵਟਾਂ ਅਤੇ ਨਾ ਹੀ ਉੱਚੇ ਨੀਵੇਂ ਦਾ ਭੇਦ ਭਾਵ ਕੀਤਾ ਜਾਂਦਾ ਸੀ। ਨਾ ਹੀ ਨੌਂਜਵਾਨਾਂ
ਨੂੰ ਇਸ ਤਰਾਂ ਬੇਰੁਜ਼ਗਾਰ ਕਰਕੇ ਨਸ਼ਿਆਂ ਦੀ ਦਲਦਲ ਵਿੱਚ ਧੱਕਕੇ ਘਰਾਂ ਦੇ ਘਰ ਉਜਾੜੇ ਜਾਂਦੇ ਸਨ। ਕਿਸ਼ਨ ਸਿੰਘ ਜਾਣਦਾ ਸੀ ਕਿ ਉਸਦਾ ਪੋਤਾ ਅਜੇ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕੇਗਾ ਲੇਕਿਨ ਉਸਨੂੰ ਇਸ ਗੱਲ ਦੀ ਤਸੱਲੀ ਸੀ ਕਿ ਅਗਰ ਉਸਦੀ ਅਰਦਾਸ ਕਬੂਲ ਹੋ ਜਾਵੇ ਤਾਂ ਉਹਨਾਂ ਦੀਅਾਂ ਜੋ ਨਸਲਾਂ ਬਚ ਗਈਆਂ ਹਨ ਉਹਨਾਂ ਦਾ ਹੀ ਬਚਾਅ ਹੋ ਜਾਵੇ ਨਹੀਂ ਤਾਂ ਇਹਨਾਂ ਨੇ ਤਾਂ ਸਾਡੀਆਂ ਅਾਉਣ ਵਾਲੀਆਂ ਪੀੜ੍ਹੀਆਂ ਦਾ ਵੀ ਬੀਜ ਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ। ਇਹ ਸਭ ਸੋਚਦਾ ਹੋਇਆ ਉਹ ਪੋਤਰੇ ਦੀ ਉਂਗਲ ਫੜਕੇ ਆਪਣੇ ਘਰ ਵੱਲ ਨੂੰ ਹੋ ਤੁਰਿਆ।
                 ਪਰਮਜੀਤ ਕੌਰ ਭੁਲਾਣਾ।
                  9877262705

 244 total views,  1 views today

Leave a Reply

Your email address will not be published. Required fields are marked *