ਨਵ ਵਿਆਹੀ ਮਹਿਲਾ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਹੋਈ ਫਰਾਰ

ਫਾਜ਼ਿਲਕਾ- ਪਿੰਡ ਸਮੁੰਦੜਾ ਵਿਖੇ ਇਕ ਵਿਅਕਤੀ ਨਾਲ ਉਸ ਦੀ ਨਵ-ਵਿਆਹੀ ਪਤਨੀ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੜ੍ਹਸ਼ੰਕਰ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਇੰਦਰਜੀਤ ਰਾਣਾ (31) ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਸਮੁੰਦੜਾ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ, ਉਸ ਨੇ ਵਿਆਹ ਕਰਵਾਉਣ ਲਈ ਇੰਟਰਨੈਟ ‘ਤੇ ਪ੍ਰੋਫਾਈਲ ਬਣਾਈ ਸੀ, ਜਿਸ ਤੋਂ ਬਾਅਦ ਉਸ ਨਾਲ ਪਹਿਲੀ ਜੁਲਾਈ 2020 ਨੂੰ ਇਕ ਲੜਕੀ ਪਾਰੂਲ ਪੁੱਤਰੀ ਪ੍ਰਭੂ ਦਿਆਲ ਵਾਸੀ ਭੁਜਾਸਰ ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਨੇ ਫੋਨ ਰਾਹੀਂ ਸੰਪਰਕ ਕੀਤਾ। ਉਸ ਦੀ ਮਾਤਾ ਕ੍ਰਿਸ਼ਨਾ ਕਾਂਤਾ ਨੇ ਲੜਕੀ ਦੇ ਮਾਤਾ-ਪਿਤਾ ਨਾਲ ਵਿਆਹ ਦੀ ਗੱਲ ਤੈਅ ਕਰ ਲਈ ਤੇ 4 ਜੁਲਾਈ 2020 ਨੂੰ ਪਾਰੂਲ ਦਾ ਉਸ ਨਾਲ ਵਿਆਹ ਹੋ ਗਿਆ। ਤਿੰਨ ਦਿਨ ਉਨ੍ਹਾਂ ਦੇ ਘਰ ਰਹਿਣ ਪਿੱਛੋਂ 8 ਜੁਲਾਈ ਨੂੰ ਪਾਰੂਲ ਆਪਣੇ ਪਿਤਾ ਨਾਲ ਪੇਕੇ ਘਰ ਚਲੀ ਗਈ ਜਦੋਂ ਉਨ੍ਹਾਂ ਨੇ ਪਾਰੂਲ ਦੇ ਰਾਜ਼ੀ ਖੁਸ਼ੀ ਘਰ ਪਹੁੰਚਣ ਦਾ ਪਤਾ ਲਾਉਣ ਲਈ ਫੋਨ ‘ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਨੰਬਰ ਬਲਾਕ ਕਰ ਦਿੱਤੇ ਗਏ ਸਨ, ਸ਼ੱਕ ਪੈਣ ‘ਤੇ ਉਨ੍ਹਾਂ ਘਰ ਦੀ ਅਲਮਾਰੀ ਚੈੱਕ ਕੀਤੀ ਤਾਂ ਉਸ ਵਿਚੋਂ 5 ਲੱਖ 50 ਹਜ਼ਾਰ ਰੁਪਏ ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ, ਚਾਰ ਵੰਗਾਂ, ਇਕ ਲਾਕੇਟ, ਇਕ ਚੈਨੀ, ਇਕ ਜੋੜਾ ਵਾਲੀਆਂ, ਇਕ ਸਿੰਗੀ, ਡਾਇਮੰਡ ਰਿੰਗ ਅਤੇ 20 ਸੂਟ ਗਾਇਬ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸਮੁੰਦੜਾ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਾਰੂਲ, ਪਿਤਾ ਪ੍ਰਭੂ ਦਿਆਲ, ਮਾਤਾ ਸ਼ਕੁੰਤਲਾ ਦੇਵੀ ਤੇ ਭੈਣ ਪਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 24 total views,  1 views today

Leave a Reply

Your email address will not be published. Required fields are marked *