ਭਾਰਤ ਵੱਲੋਂ ਚੀਨ ਤੋਂ ਟੈਲੀਵਿਜ਼ਨ ਸੈੱਟ ਅਯਾਤ ‘ਤੇ ਰੋਕ ਲਗਾਉਣ ਦੀ ਤਿਆਰੀ

ਨਵੀਂ ਦਿੱਲੀ,- : ਭਾਰਤ ਚੀਨ ਨੂੰ ਆਰਥਿਕ ਮੋਰਚੇ ‘ਤੇ ਲਗਾਤਾਰ ਝਟਕੇ ਦੇ ਰਿਹਾ ਹੈ। ਮੋਦੀ ਸਰਕਾਰ ਨੇ ਹੁਣ ਰੰਗੀਨ ਟੈਲੀਵਿਜ਼ਨ ਸੈਟ ਦੇ ਆਯਾਤ ‘ਤੇ ਰੋਕ ਲਾ ਦਿੱਤੀ ਹੈ। ਚੀਨ ਤੋਂ ਵੱਡੇ ਪੱਧਰ ‘ਤੇ ਕਲਰ ਟੀਵੀ ਭਾਰਤ ਮੰਗਾਏ ਜਾਂਦੇ ਸਨ, ਪਰ ਹੁਣ ਸਰਕਾਰ ਨੇ ਉਸ ‘ਤੇ ਤੁਰੰਤ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਹ ਕਦਮ ਘਰੇਲੂ ਪੈਦਾਵਾਰ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਚੁੱਕਿਆ ਹੈ। ਆਯਾਤ ‘ਤੇ ਰੋਕ ਨਾਲ ‘ਮੇਕ ਇਨ ਇੰਡੀਆ’ ਨੂੰ ਬਲ ਮਿਲੇਗਾ, ਪਰ ਭਾਰਤ ਦੇ ਇਸ ਫ਼ੈਸਲੇ ਨਾਲ ਚੀਨ ਨੂੰ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਡਾਇਰੈਕਟੋਰੇਟ ਜਨਰਲ ਆਫ਼ ਫੌਰਨ ਟਰੇਡ (ਡੀਜੀਐਫਟੀ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਲਰ ਟੈਲੀਵਿਜ਼ਨ ਦੀ ਆਯਾਤ ਨੀਤੀ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਇਸ ਨੂੰ ਪਾਬੰਦੀਸ਼ੁਦਾ ਕੈਟਾਗਰੀ ਵਿੱਚ ਪਾ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਚੀਨ ਜਿਹੇ ਮੁਲਕਾਂ ਤੋਂ ਗ਼ੈਰ-ਜ਼ਰੂਰੀ ਸਾਮਾਨ ਦੇ ਆਯਾਤ ਵਿੱਚ ਹੁਣ ਕਮੀ ਲਿਆਂਦੀ ਜਾਵੇਗੀ। ਕਿਸੇ ਵੀ ਪ੍ਰੋਡਕਟ ਨੂੰ ਪਾਬੰਦੀਸ਼ੁਦਾ ਕੈਟਾਗਰੀ ਵਿੱਚ ਰੱਖਣ ਬਾਅਦ ਹੁਣ ਉਸ ਸਾਮਾਨ ਦਾ ਆਯਾਤ ਕਰਨ ਵਾਲੇ ਕਾਰੋਬਾਰੀ ਨੂੰ ਵਣਜ ਮੰਤਰਾਲੇ ਦੇ ਅਧੀਨ ਆਉਣ ਵਾਲੇ ਡੀਜੀਐਫਟੀ ਤੋਂ ਆਯਾਤ ਲਈ ਲਾਇਸੰਸ ਲੈਣਾ ਹੋਵੇਗਾ।
ਭਾਰਤ ਵਿੱਚ ਕਲਰ ਟੀਵੀ ਦਾ ਚੀਨ ਸਭ ਤੋਂ ਵੱਡਾ ਨਿਰਯਾਤਕ ਹੈ। ਉਸ ਤੋਂ ਬਾਅਦ ਵਿਅਤਨਾਮ, ਮਲੇਸ਼ੀਆ, ਹਾਂਗਕਾਂਗ, ਕੋਰੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਜਰਮਨੀ ਜਿਹੇ ਦੇਸ਼ਾਂ ਦਾ ਸਥਾਨ ਹੈ।
ਦੱਸ ਦੇਈਏ ਕਿ ਸਰਹੱਦ ‘ਤੇ ਚੀਨੀ ਫ਼ੌਜੀਆਂ ਦੀਆਂ ਹਰਕਤਾਂ ਮਗਰੋਂ ਭਾਰਤ ਵਿੱਚ ਚੀਨ ਵਿਰੁੱਧ ਇੱਕ ਮਾਹੌਲ ਬਣ ਗਿਆ ਹੈ। ਪਿਛਲੇ ਮਹੀਨੇ ਟਿਕ-ਟੌਕ ਤੇ ਵੀ ਚੈਟ ਸਣੇ 59 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਬੀਤੇ ਦਿਨੀਂ ਫੇਰ 47 ਹੋਰ ਐਪਸ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਹੀ ਨਹੀਂ, ਭਾਰਤ ਵਿੱਚ ਚੀਨੀ ਕੰਪਨੀਆਂ ਦੇ ਕਈ ਟੈਂਡਰ ਰੱਦ ਕਰ ਦਿੱਤੇ ਗਏ ਹਨ।

 33 total views,  1 views today

Leave a Reply

Your email address will not be published. Required fields are marked *