ਮੌਸਮੀ ਐਲਰਜੀ ਤੋਂ ਪੀੜਤ ਲੋਕਾਂ ਲਈ ਇਹ ਵਸੰਤ ਰੁੱਤ ਕਾਫੀ ਮੁਸ਼ਕਿਲ ਭਰੀ ਹੋਵੇਗੀ : ਸਿਹਤ ਮਾਹਿਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਵੱਡੀ ਗਿਣਤੀ ਵਿਚ ਕੈਲਗਰੀ ਦੇ ਲੋਕ ਹਰ ਸਾਲ ਵਸੰਤ ਮੌਸਮ ਦੀ ਉਡੀਕ ਕਰਦੇ ਹਨ ਪਰ ਇਹ ਇਕ ਅਜਿਹਾ ਮੌਸਮ ਹੈ ਜੋ ਕਈ ਲੋਕਾਂ ਲਈ ਮੁਸੀਬਤ ਦਾ ਸਬੱਬ ਵੀ ਬਣ ਜਾਂਦਾ ਹੈ। ਇਹ ਇਕ ਅਜਿਹਾ ਸਮ੍ਹਾ ਹੈ ਜਦੋਂ ਬਰਫ ਬਿਲਕੁਲ ਗਾਇਬ ਹੋ ਜਾਂਦੀ ਹੈ ਅਤੇ ਨਵੇਂ ਪੌਦੇ ਉੱਗਣੇ ਸ਼ੁਰੂ ਹੋ ਜਾਂਦੇ ਹਨ। ਹਵਾ ਵਿਚ ਸੁਗੰਧ ਫੈਲ ਜਾਂਦੀ ਹੈ ਅਤੇ ਹਰ ਪਾਸੇ ਹਰਿਆਲੀ ਦੇਖਣ ਨੂੰ ਮਿਲਦੀ ਹੈ।
ਐਵਰਗ੍ਰੀਨ ਸ਼ਾਪਰਸ ਡਰੱਗ ਮਾਰਟ ਦੇ ਇਕ ਫਾਰਮਾਸਿਸਟ ਬ੍ਰਾਇਨ ਜੋਂਸ ਨੇ ਦੱਸਿਆ ਕਿ ਐਲਰਜੀ ਪੀੜਤ ਲੋਕਾਂ ਅਤੇ ਕੁਦਰਤ ਵਿਚ ਪਿਆਰ-ਨਫਰਤ ਦਾ ਰਿਸ਼ਤਾ ਹੈ। ਉਹ ਲੋਕ ਫੁੱਲਾਂ ਨੂੰ ਪਿਆਰ ਕਰਦੇ ਹਨ, ਦਰੱਖਤਾਂ ਨੂੰ ਪਿਆਰ ਕਰਦੇ ਹਨ ਪਰ ਇਸ ਮੌਸਮ ਵਿਚ ਸਾਂਹ ਨਹੀਂ ਲੈ ਸਕਦੇ। ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਬਹਾਰ ਦੇ ਮੌਸਮ ਵਿਚ ਉਨ੍ਹਾਂ ਨੂੰ ਐਲਰਜੀ ਦੀ ਬੀਮਾਰੀ ਘੇਰ ਲੈਂਦੀ ਹੈ।
ਮੌਸਮੀ ਐਲਰਜੀ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ। ਕਈ ਲੋਕਾਂ ਲਈ ਇਹ ਮੌਸਮ ਦੇ ਬਦਲਣ ਨਾਲ ਪ੍ਰਭਾਵਿਤ ਕਰਦੀ ਹੈ। ਡਾ. ਰਾਜ ਭਾਰਦਵਾਜ ਨੇ ਦੱਸਿਆ ਕਿ ਐਲਰਜੀ ਦੇ ਆਮ ਲੱਛਣ ਛਿੱਕਾਂ, ਖੁਜਲੀ ਵਾਲੀ ਅੱਖ ਵਗਣਾ, ਨੱਕ ਵੱਗਣਾ ਅਤੇ ਖਾਂਸੀ ਹਨ ਅਤੇ ਇਹ ਲੱਛਣ ਕੋਵਿਡ-19 ਦੇ ਲੱਛਣਾਂ ਨਾਲ ਮਿਲਦੇ ਜੁਲਦੇ ਹਨ। ਜਦੋਂ ਅਜਿਹੇ ਲੱਛਣ ਆਉਂਦੇ ਹਨ ਤਾਂ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ ਕਿ ਕਿਤੇ ਉਹ ਕੋਵਿਡ-19 ਵਾਇਰਸ ਨਾਲ ਪ੍ਰਭਾਵਿਤ ਤਾਂ ਨਹੀਂ ਹੋ ਗਏ। ਡਾਕਟਰਾਂ ਦੇ ਲਈ ਵੀ ਇਹ ਜਾਨਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਕਿ ਕੀ ਇਹ ਲੱਛਣ ਕੋਵਿਡ ਦੇ ਹਨ ਜਾਂ ਮੌਸਮੀ ਐਲਰਜੀ ਦੇ।
ਮਾਹਿਰ ਡਾਕਟਰਾਂ ਦੀ ਸਲਾਹ ਹੈ ਕਿ ਜੋ ਲੋਕ ਮੌਸਮੀ ਐਲਰਜੀ ਨਾਲ ਪੀੜਤ ਹਨ ਉਹ ਜਦੋਂ ਵੀ ਡਾਕਟਰ ਕੋਲ ਜਾਣ ਤਾਂ ਆਪਣੀ ਮੈਡੀਕਲ ਹਿਸਟਰੀ ਉਨ੍ਹਾਂ ਨਾਲ ਸ਼ੇਅਰ ਜ਼ਰੂਰ ਕਰਨ। ਹੋ ਸਕੇ ਤਾਂ ਮੂੰਹ ’ਤੇ ਮਾਸਕ ਜ਼ਰੂਰ ਪਹਿਨਣ। ਇਸ ਤੋਂ ਇਲਾਵਾ ਐਲਰਜੀ ਦੀ ਦਵਾਈ ਦਾ ਸੇਵਨ ਕਰਨ ਜੋ ਐਲਰਜੀ ਦੇ ਲੱਛਣਾਂ ਨੂੰ ਕੰਟਰੋਲ ਕਰੇਗਾ। ਬਿਸਤਰ ’ਤੇ ਜਾਣ ਤੋਂ ਪਹਿਲਾਂ ਸ਼ਾਵਰ ਜ਼ਰੂਰ ਲਓ ਕਿਉਂਕਿ ਜੇਕਰ ਤੁਹਾਡੇ ਵਾਲਾਂ ਵਿਚ ਕੁਝ ਧੂੜ ਮਿੱਟੀ ਦੇ ਕਣ ਬੈਠ ਗਏ ਹਨ ਤਾਂ ਉਹ ਤੁਹਾਨੂੰ ਸਾਰੀ ਰਾਤ ਤੰਗ ਕਰਨਗੇ । ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਕੋਵਿਡ ਮਹਾਮਾਰੀ ਦੇ ਲੱਛਣ ਵੀ ਬਿਲਕੁਲ ਸਮਾਨ ਹੀ ਹਨ ਅਤੇ ਜੇਕਰ ਤੁਹਾਨੂੰ ਕੁਝ ਵੱਖਰਾ ਮਹਿਸੂਸ ਹੋਵੇ ਤਾਂ ਕੋਵਿਡ ਸੈਂਟਰ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਓ।

 6,927 total views,  2 views today

Leave a Reply

Your email address will not be published. Required fields are marked *