ਕੇਂਦਰੀ ਸਭਾ (ਸੇਖੋਂ) ਵਲੋਂ ਪਗੜੀ ਪਹਿਨਾਕੇ ਕੀਤਾ ਗਿਆ ਮਦਨ ਮਦਹੋਸ਼ ਦਾ ਸਨਮਾਨ

ਮਲੇਰਕੋਟਲਾ   (KPD NEWS ) – ਅੱਜ ਸਾਹਿਤ ਸਭਾ,ਧੂਰੀ ਵਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਇੱਕ ਸਾਹਿੱਤਕ ਸਨਮਾਨ ਸਮਾਰੋਹ ਦਾ ਆਯੋਜਨ ਕਰਕੇ ਮਲੇਰਕੋਟਲਾ ਦਾ ਮਾਣ ਪੰਜਾਬੀ ਦੇ ਸਥਾਪਿਤ ਸ਼ਾਇਰ ਸ਼੍ਰੀ ਮਦਨ ਮਦਹੋਸ਼ ਦਾ ਮੌਜੂਦਾ ਹਾਲਾਤਾਂ ਤੇ ਲਾਕਡਾਊਣ ਦੀ ਸਥਿਤੀ ਦਾ ਕਾਵਿ ਰੂਪੀ ਬਖਿਆਣ ਕਰਦਾ ਗ਼ਜ਼ਲ ਸੰਗ੍ਰਹਿ ‘ਕਰੋਨਾ ਕਾਲ’ ਲੋਕ ਅਰਪਣ ਕੀਤਾ ਗਿਆ।


ਇਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕੀਤੀ ਤੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਦਾ,ਪਵਨ ਹਰਚੰਦਪੁਰੀ, ਸੁਰਿੰਦਰ ਰਾਜਪੂਤ, ਸੁਰਿੰਦਰ ਨਾਗਰਾ ਸ਼ਾਮਿਲ ਹੋਏ।
ਕੇਂਦਰੀ ਸਭਾ ਦੇ ਜਨਰਲ ਸਕੱਤਰ ਸ੍ਰੀ ਪਵਨ ਹਰਚੰਦਪੁਰੀ ਨੇ ਉਕਤ ਸਮਾਰੋਹ ਨੂੰ ਵਿਧੀਵਧ ਢੰਗ ਨਾਲ ਸ਼ੁਰੂ ਕਰਨ ਉਪਰੰਤ ਵਿਸ਼ੇਸ਼ ਮਹਿਮਾਨ ਸ਼ਾਇਰ ਮਦਨ ਮਦਹੋਸ਼ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਦਸਿਆ ਕਿ ਮਦਹੋਸ਼ ਜੀ ਪੰਜਾਬੀ ਸਾਹਿਤ ਸਭਾ ਧੂਰੀ ਨਾਲ ਤੀਹ ਪੈਂਤੀ ਸਾਲ ਪਹਿਲਾਂ ਤੋਂ ਜੁੜੇ ਰਹੇ ਹਨ ਤੇ ਇਹਨਾਂ ਦੇ ਦੋ ਗ਼ਜ਼ਲ ਸੰਗ੍ਰਹਿ ‘ਪਹਿਲਾ ਪੜਾਓ’ ਅਤੇ ‘ਅੱਗ ’ਚ ਢਲੇ ਅਕਸ’ ਪ੍ਰਕਾਸ਼ਿਤ ਹੋ ਚੁੱਕੇ ਹਨ। ਹੱਥਲਾ ਗ਼ਜ਼ਲ ਸੰਗ੍ਰਹਿ ਇਹਨਾਂ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ ਜੋ ਨਿਰੋਲ ਲਾਕਡਾਊਣ ਦੇ ਚਾਰ ਮਹੀਨਿਆਂ ਦੀ ਦੇਣ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਵੇਂ ਉਕਤ ਕਿਤਾਬ ਦਾ ਨਾਂ ਕਰੋਨਾ ਕਾਲ ਹੈ ਪਰ ਇਸ ਵਿੱਚ ਸ਼ਾਇਰ ਨੇ ਮੌਜੁਦਾ ਹਾਲਾਤਾਂ,ਸਥਿਤੀਆਂ ਪ੍ਰਸਥਿਤੀਆਂ ਨੂੰ ਹੂਬਹੂ ਕਾਵਿ ਰੂਪ ਵਿੱਚ ਢਾਲਦੇ ਹੋਏ ਆਮ ਆਦਮੀ ਦੀ ਗੱਲ ਕਰਦੇ ਹੋਏ ਲਗਭਗ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੁਹਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਅਤੇ ਇਹ ਕਿਤਾਬ ਰਵਾਇਤੀ ਗ਼ਜ਼ਲਾਂ ਦੀ ਨਹੀਂ ਸਗੋਂ ਲੋਕਾਇਤੀ ਗ਼ਜ਼ਲਾਂ ਦੀ ਕਿਤਾਬ ਬਣ ਗਈ ਹੈ।
ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਸ. ਗੁਲਜ਼ਾਰ ਸਿੰਘ ਸ਼ੌਂਕੀ ਨੇ ਉਕਤ ਕਿਤਾਬ ਬਾਰੇ ਦਸਦੇ ਹੋਏ ਕਿਹਾ ਕਿ ਉਨ੍ਹਾਂ ਨੇ ‚ਕਰੋਨਾ ਕਾਲ’ ਦੇ ਇੱਕ ਇੱਕ ਅੱਖਰ ਦਾ ਅਧਿਐਨ ਕੀਤਾ ਹੈ ਤੇ ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ਼ ਵਜੋਂ ਜਾਣੀ ਜਾਵੇਗੀ ਤੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇ ਨਾਲ ਨਾਲ ਸੇਧ ਦੇਣ ਦਾ ਕੰਮ ਵੀ ਕਰੇਗੀ।ਇਸ ਕਿਤਾਬ ਦਾ ਮੁੱਖ ਬੰਦ ਡਾ. ਕਮਲਜੀਤ ਸਿੰਘ ਟਿੱਬਾ, ਪ੍ਰਿੰਸੀਪਲ ਵਿਦਿਆ ਸਾਗਰ ਗਰਲਜ ਕਾਲਜ ਧੂਰੀ ਨੇ ਲਿਖਿਆ ਹੈ।
ਕੇਂਦਰੀ ਸਭਾ (ਸੇਖੋਂ) ਦੇ ਪ੍ਰਧਾਨ ਡਾ.ਤੇਜਵੰਤ ਮਾਨ ਹੋਰਾਂ ਨੇ ਉਕਤ ਕਿਤਾਬ ‘ਕਰੋਨਾ ਕਾਲ’ ਨੂੰ ਸਮੇਂ ਦੀ ਲੋੜ ਅਨੁਸਾਰ ਢੁਕਵੀਂ ਤੇ ਨਵੇਕਲੀ ਸ਼ਾਇਰੀ ਦਸਦੇ ਹੋਏ ਕਿਹਾ ਕਿ ਇਹ ਮਦਨ ਮਦਹੋਸ਼ ਦੀ ਇੱਕ ਵੱਡੀ ਉਪਲਬਧੀ ਹੈ ਜੋ ਕਿ ਉਨ੍ਹਾਂ ਨੇ ਸੀਮਤ ਸਮੇਂ ਵਿੱਚ ਇੱਕੋ ਵਿਸ਼ੇ ’ਤੇ ਲਿਖ ਕੇ ਵਿਸ਼ੇਸ਼ ਦਸਤਾਵੇਜ਼ ਵਜੋਂ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕੀਤੀ ਹੈ। ਡਾ.ਤੇਜਵੰਤ ਮਾਨ ਹੋਰਾਂ ਨੇ ਗ਼ਜ਼ਲ ਸੰਗ੍ਰਹਿ ਕਰੋਨਾ ਕਾਲ ਵਿਚੋਂ ਕੁਝ ਇਕ ਗ਼ਜ਼ਲਾਂ ਪੜਕੇ ਮਦਨ ਮਦਹੋਸ਼ ਦੀ ਪ੍ਰਪਕਤਾ ਦਾ ਨਮੂਨਾ ਪੇਸ਼ ਕਰਨ ਤੋਂ ਬਾਅਦ ਕੇਂਦਰੀ ਸਭਾ (ਸੇਖੋਂ) ਵਲੋਂ ਸ਼ਾਇਰ ਮਦਨ ਮਦਹੋਸ਼ ਨੂੰ “ਪਗੜੀ” ਪਹਿਨਾਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਉਕਤ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਬਲਵਿੰਦਰ ਸਿੰਘ ਖੇੜੀ,ਡਾ. ਰਾਕੇਸ਼ ਸ਼ਰਮਾ,ਮਾਸਟਰ ਨਾਹਰ ਮੁਬਾਰਕਪੁਰੀ ਤੇ ਸੁਖਦੇਵ ਸ਼ਰਮਾ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

 25 total views,  2 views today

Leave a Reply

Your email address will not be published. Required fields are marked *