ਸਬਰ ਦਾ ਬੰਨ – ਖੇਤੀ ਧੰਦਾ

ਸਾਡੇ ਪਿੰਡ ਸਾਡੇ ਖੇਤਾਂ ਦੇ ਸਿਰ ਤੇ ਆਪਣਾ ਸੱਭਿਆਚਾਰ ਸਿਰਜਦੇ ਹਨ । ਪਿੰਡਾਂ ਅਤੇ ਖੇਤਾਂ ਦਾ ਜਿਸਮ ਅਤੇ ਰੂਹ ਵਾਲਾ ਸੁਮੇਲ ਹੈ । ਸਵੇਰੇ ਚਾਟੀ ਵਿੱੱਚ ਮਧਾਣੀ ਪਾਉਣ ਤੋਂ ਆਥਣੇ ਵਾਣ ਵਾਲੇ ਮੰਜੇ ਤੇ ਸੌਣ ਤੱਕ ਖੇਤੀ ਦਾ ਧੰਦਾ ਸਬਰ ਨਾਲ ਭਰਿਆ ਪਿਆ ਹੈ । ਜੇ ਕੁਦਰਤ ਦੀ ਮਾਰ ਤੋਂ ਸਬਰ ਦਾ ਬੰਨ ਟੁੱਟ ਜਾਵੇ ਤਾਂ ਖੁਦਕੁਸ਼ੀਆਂ ਸਮੇਤ ਕਈ ਤਰ੍ਹਾਂ ਦੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ । ਜੋ ਕੇ ਹੋ ਵੀ ਰਹੀਆਂ ਹਨ। ਬਾਕੀ ਕਿੱਤਿਆ ਮੁਤਾਬਕ ਖਰਖ ਪੜਚੋਲ ਕਰਕੇ ਦੇਖਿਆ ਜਾਵੇ ਤਾ ਖੇਤੀ ਦਾ ਧੰਦਾ ਵੀ ਸਬਰ ਦੇ ਬੰਨ ਅਧੀਨ ਹੈ ।
ਸਬਰ ਅਤੇ ਖੇਤੀ ਇੱਕ ਸਿੱਕੇ ਦੇ ਦੋ ਪਹਿਲੂ ਹਨ । ਖੇਤੀ ਕਰਨ ਵਾਲਾ ਇਕੱਲਾ ਕਿਸਾਨ ਹੀ ਨਹੀਂ ਬਲਕਿ ਸਾਰਾ ਟੱਬਰ ਸਬਰ ਦੇ ਸਲੀਕੇ ਵਿੱਚ ਬੰਨਿਆ ਰਹਿੰਦਾ ਹੈ । ਇੱਕ ਮੈਂਬਰ ਵੀ ਸਬਰ ਤੋਂ ਬਾਹਰ ਗਿਆ ਤਾਂ ਘਰੇਲੂ ਮਾਹੌਲ ਖਰਾਬ ਹੋ ਜਾਂਦਾ ਹੈ ।  ਗਾਣਿਆਂ ਵਿੱਚ ਮਿਸਾਲ ਵੀ ਮਿਲਦੀ ਹੈ ” ਖੇਤਾਂ ਵਿੱਚ ਜੱਟ ਰੁਲਦਾ ਚੁੱਲ੍ਹੇ ਮੂਹਰੇ ਰੁਲਦੀ  ਰਕਾਨ  ”  ਫੋਕੀ ਸ਼ੋਹਰਤ ਅਤੇ ਕੁਝ ਗਾਣਿਆਂ ਨੇ ਖੇਦੀ ਧੰਦੇ ਨੂੰ ਸਬਰ ਤੋਂ ਬੇਸਬਰ ਵੱਲ  ਤੌਰ ਕੇ ਪਵਿੱਤਰਤਾ ਨੂੰ ਹਾਸ਼ੀਏ ਵੱਲ ਕੀਤਾ ਹੈ ।
ਮੌਸਮਾਂ ਦੇ ਬਦਲੇ ਮਿਜ਼ਾਜ ਨਾਲ ਖੇਤੀ ਕਰਨ ਵਾਲਾ ਮਾਣ ਮਹਿਸੂਸ ਕਰਦਾ ਸੀ । ਇੱਥੋਂ ਤੱਕ ਮੌਸਮ ਦਾ ਮੁਕਾਬਲਾ ਕਰਨ ਲਈ ਉਤਾਵਲਾ ਰਹਿੰਦਾ ਸੀ । ਭਾਦੋਂ ਦੇ ਮਹੀਨੇ ਵਿੱਚ ਜੱਟ ਦੇ ਸਬਰ ਦਾ ਸ਼ਿਖਰ ਹੁੰਦਾ ਸੀ । ਇਸੇ ਲਈ ਕਹਾਵਤ ਵੀ ਜੁੜੀ ਹੈ ਕਿ ਜੱਟ ਭਾਦੋਂ ਵਿੱਚ ਸਾਧ ਹੋ ਗਿਆ ਸੀ । ਮੰਡੀਆਂ ਵਿੱਚ  ਅਤੇ ਮੌਸਮਾਂ ਵਿੱਚ  ਧੱਕੇ ਖਾਣਾ ਜੱਟ ਦੀ ਆਦਤ ਹੀ ਬਣ ਗਈ ਹੈ ।  ਆਪਣੇ ਇਸ  ਪਵਿੱਤਰ ਕਿੱਤੇ ਵਿੱਚੋਂ ਸਬਰ ਵਿੱਚ ਰਹਿਣਾ ਹੀ ਕਿਸਾਨ ਨੂੰ  ਦਾਤੇ ਦਾ ਖਿਤਾਬ ਦਿਵਾਉਦਾ ਹੈ ।
ਜਿਉਣ ਲਈ ਕਿੱਤਾ ਜ਼ਰੂਰੀ ਹੈ । ਪਰ ਲਹੂ ਭਿੱਜੀ ਦਾਸਤਾਨ ਸਿਰਫ ਖੇਤੀ ਧੰਦੇ ਦੀ ਹੈ ਉੱਤੋਂ  ਮਜ਼ਬੂਰੀ ਬਸ ਸਬਰ ਸਿੱਖਣਾ ਇਸ ਦੇ ਰਗ – ਰਗ ਵਿੱਚ ਵਸ ਚੁੱਕਿਆ ਹੈ । ਕੁਦਰਤ ਅਤੇ ਸਰਕਾਰ ਇਸ ਕਿੱਤੇ ਨੂੰ ਸਬਰ ਵਿੱਚ  ਰਹਿਣਾ ਸਿਖਾਉਂਦੀਆਂ ਹਨ । ਨਵੇਂ ਰਾਹਾਂ ਦੇ ਨਵੇਂ ਪਾਂਧੀ ਬਣਨ ਨਾਲ ਵੀ ਖੇਤੀ ਧੰਦਾ ਸਬਰ ਦਾ ਨੱਕਾ ਨਹੀਂ ਮੋੜ ਸਕਿਆ  । ਮੰਡੀਕਰਨ ,  ਖੁਦਕੁਸ਼ੀਆਂ , ਹੱਡ ਭੰਨਵੀਂ ਮਿਹਨਤ , ਲਾਗਤ ਨਾਲੋਂ ਘੱਟ ਆਮਦਨ ਇਸ ਕਿੱਤੇ ਦੀ ਸੰਘੀ ਘੁੱਟ ਕੇ ਰੱਖਦੀਆਂ ਹਨ ।
ਰੂੜ੍ਹੀਵਾਦੀ ਅਤੇ ਬੇਵਸ ਹੋ ਕੇ ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਸਬਰ ਦੇ ਬੰਨ  ਅਧੀਨ ਰਹਿੰਦੇ ਹਨ । ਉਹ ਦੋ ਡੰਗ ਦੀ ਰੋਟੀ ਤੋਂ  ਅੱਗੇ ਨਹੀਂ ਜਾ ਸਕੇ । ਸਰਕਾਰੀ ਪੱਖ ਤੋਂ ਸਵਾਮੀਨਾਥਨ , ਫਸਲੀ ਵਿਭਿੰਨਤਾ  ਅਤੇ ਬੀਮੇ ਦੀ ਯੋਜਨਾ ਸਾਰਥਿਕਤਾ ਨਹੀਂ ਦਿਖਾ ਸਕੇ । ਜੇ ਸਬਰ ਟੁੱਟ ਜਾਵੇ ਤਾਂ ਚੁਫੇਰੇ ਮਾਹੌਲ ਅਸ਼ਾਂਤਮਈ ਹੁੰਦਾ ਹੈ । ਜੇ ਸਬਰ ਅਧੀਨ ਰਵੇ ਤਾਂ ਦੋ ਡੰਗ ਦੀ ਰੋਟੀ ਤੱਕ ਸੀਮਤ ਰਹਿ ਕੇ ਸਮੇਂ ਦਾ ਹਾਣੀ ਨਹੀਂ ਬਣਿਆ ਜਾ ਸਕਦਾ । ਹੁਣ ਢੁੱਕਵਾਂ ਸਮਾਂ ਹੈ ਕਿ ਸਰਕਾਰ ਖੇਤੀ ਧੰਦੇ ਦੀ ਅਜਿਹੇ ਤਰੀਕੇ ਨਾਲ ਬਾਂਹ ਫੜੇ ਕਿ ਇਸ ਧੰਦੇ ਨਾਲ ਜੁੜੇ ਲੋਕ ਮਨ ਅਤੇ ਲੋੜ ਅਨੁਸਾਰ ਆਮਦਨ ਖਰਚ ਪੈਦਾ ਕਰ ਸਕਣ । ਸ਼ੁਰੂ ਤੋਂ ਇਸ ਕਿੱਤੇ ਦਾ ਖੁਸਿਆ ਹੋਇਆ ਰੁਤਬਾ ਸਮੇਂ ਦਾ ਹਾਣੀ ਬਣ ਸਕੇ । ਇਸ ਨਾਲ ਹੀ ਖੇਤੀ ਧੰਦੇ ਦੇ ਸਬਰ ਦਾ  ਬੰਨ ਵੱਢ ਕੇ ਅਜ਼ਾਦ ਹਾਲਾਤ ਪੈਦਾ ਕੀਤੇ ਜਾ ਸਕਣਗੇ । ਕਿਸਾਨ ਅਤੇ ਖੇਤੀ ਖੁਸ਼ਹਾਲ ਜੀਵਨ ਅਤੇ ਪਵਿੱਤਰਤਾ ਪੈਦਾ ਕਰ ਸਕਣਗੇ ।
ਸੁਖਪਾਲ ਸਿੰਘ ਗਿੱਲ,  ਪਿੰਡ ਅਬਿਆਣਾ ਕਲਾਂ, ਮੋ: 98781-11445

 21 total views,  1 views today

Leave a Reply

Your email address will not be published. Required fields are marked *