ਸ਼ਹੀਦ ਉਧਮ ਸਿੰਘ ਜੀ ਦੇ 80ਵੇਲੇ ਸ਼ਹਾਦਤ ਦਿਵਸ ਨੂੰ ਸਮਰਪਿਤ

ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਅਤੇ ਅੰਤਮ ਕੁਰਬਾਨੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ।  ਉਨ੍ਹਾਂ ਦੀ ਜੀਵਨੀ ਬਹੁਤ ਸਾਰੀਆਂ ਪ੍ਰੇਰਣਾਦਾਇਕ ਕਿਤਾਬਾਂ ਅਤੇ ਫਿਲਮਾਂ ਆਦਿ ਦਾ ਵਿਸ਼ਾ ਰਹੀ ਹੈ। ਉਨ੍ਹਾਂ ਦੀ 80ਵੀਂ ਸ਼ਹਾਦਤ ਤੇ ਅਜੇ ਵੀ ਬਹੁਤ ਕੁਝ ਲੱਭਿਆ ਅਤੇ ਸਿੱਖਿਆ ਜਾ ਸਕਦਾ ਹੈ ਜੋ ਸ਼ਹੀਦ ਉਦਮ ਸਿੰਘ ਜੀ ਦੇ ਬਰਤਾਨੀਆ ਵਿੱਚ ਬਿਤਾਏ ਥੋੜ੍ਹੇ ਪਰ ਦਿਲਚਸਪ ਸਮੇਂ ਬਾਰੇ ਹੈ।
ਸ਼ਹੀਦ ਉਦਮ ਸਿੰਘ ਜੀ ਅਣਵੰਡੇ ਭਾਰਤ ਦਾ ਇੱਕ ਅਨਾਥ ਬਚਾ ਅਤੇ ਆਜ਼ਾਦੀ ਘੁਲਾਟੀਆ ਸੀ। ਜਿਸਨੇ 13 ਅਪ੍ਰੈਲ 1919 ਨੂੰ ਜਲਿਆਵਾਲ ਬਾਗ ਅੰਮ੍ਰਿਤਸਰ ਵਿੱਚ ਨਿਰਦੋਸ਼ ਆਮ ਲੋਕਾਂ ਦੇ ਕਤਲੇਆਮ ਦਾ ਬਦਲਾ ਇਕੱਲੇ ਹਥੀ ਲਿਆ ਸੀ। ਉਸਨੇ ਮਾਈਕਲ ਓਡਵਾਇਰ ਨਾਮ ਦੇ ਇੱਕ ਦੋਸ਼ੀ ਨੂੰ ਗੋਲੀ ਮਾਰੀ ਸੀ ਜਦੋਂ ਉਹ ਲੰਡਨ ਦੇ ਕੈਕਸਟਨ ਹਾਲ ਵਿਚ ਬੋਲ ਰਿਹਾ ਸੀ,  ਜੋ ਜਲਿਆਵਾਲੇ ਬਾਗ ਦੇ ਸਾਕੇ ਵੇਲੇ ਪੰਜਾਬ ਦਾ ਗਵਰਨਰ ਸੀ।  ਉਸ ਸਮੇਂ ਮਾਈਕਲ ਓਡਵਾਇਰ ਨੇ ਵਿਸਾਖੀ ਵਾਲੇ ਦਿਨ ਜਲਿਆਵਾਲਾ ਬਾਗ ਵਿੱਚ ਇਕੱਠੇ ਹੋਏ ਲੋਕਾਂ ਨੂੰ ਮਸ਼ੀਨ ਗਨ ਦੇ ਨਾਲ, ਨਿਹੱਥੇ ਲੋਕਾ ਤੇ ਜਰਨਲ ਡਾਇਰ ਵਲੋਂ ਚਲਾਈ ਗੋਲੀ ਚਲਾਉਣ ਦੀ ਮਨਜ਼ੂਰੀ ਦਿੱਤੀ ਅਤੇ ਹਮਾਇਤ ਕੀਤੀ, ਅਤੇ ਇਸ ਨੂੰ “ਸਹੀ ਕਾਰਵਾਈ” ਕਿਹਾ ਸੀ।
ਸ਼ਹੀਦ ਊਧਮ ਸਿੰਘ ਵਲੋਂ 13 ਮਾਰਚ 1940 ਨੂੰ ਦੁਸ਼ਮਣ ਦੇ ਘਰ ਜਾ ਕੇ ਮਾਰਨ ਦੀ ਕੀਤੀ ਕਾਰਵਾਈ ਨੂੰ ,100 ਸਾਲ ਬਾਅਦ ਅੱਜ ਹੋਰ ਵੀ ਉਚਿਤ ਕਦਮ ਕਿਹਾ ਜਾ ਸਕਦਾ ਹੈ ਜਦੋਂ ਕਿ 13 ਅਪ੍ਰੈਲ 2019 ਨੂੰ ਬ੍ਰਿਟਿਸ਼ ਸਰਕਾਰ ਅਤੇ ਬ੍ਰਿਟਿਸ਼ ਰਾਜਸ਼ਾਹੀ ਨੇ ਜਾਲਿਆਵਾਲਾ ਬਾਗ ਦੀ ਸ਼ਤਾਬਦੀ ਮੌਕੇ ‘ਤੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਡਾਇਰ ਪਰਿਵਾਰ ਨੇ ਵੀ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਉਧਮ ਸਿੰਘ ਸਾਡੇ ਨਾਲੋਂ ਬ੍ਰਿਟਿਸ਼ ਤਾਨਾਸ਼ਾਹੀ ਜਮਾਤ ਦੇ ਰਵੱਈਏ ਅਤੇ ਹੰਕਾਰ ਨੂੰ ਬੇਹਤਰ ਜਾਣਦੇ ਸਨ। ਉਸਦੇ 1996 ਵਿੱਚ ਨਸ਼ਰ ਹੋਏ ਅਦਾਲਤੀ ਬਿਆਨ ਵਿਚ ਉਸਨੇ ਕਿਹਾ ਸੀ,  “ਮੇਰੇ ਮਨ ਵਿੱਚ ਇਸ ਦੇਸ਼ ਦੇ ਮਜ਼ਦੂਰ ਜਮਾਤ ਦੇ ਲੋਕਾਂ ਵਿਰੁੱਧ ਕੋਈ ਨਫਰਤ ਨਹੀਂ ਹੈ”।
ਉਸ ਦੇ ਇੰਗਲੈਂਡ ਵਿਚ ਬਿਤਾਏ ਜੀਵਨ ਦਾ ਇੱਕ ਬਹੁਤ ਮਹੱਤਵਪੂਰਣ ਹਿੱਸਾ ਹੈ ਜਿਸਦਾ ਜ਼ਿਕਰ ਕਦੇ ਵੀ ਕਿਸੇ ਮਸ਼ਹੂਰ ਇਤਿਹਾਸਕਾਰਾਂ ਦੁਆਰਾ ਨਹੀਂ ਕੀਤਾ ਗਿਆ। ਸ਼ਹੀਦ ਉਧਮ ਸਿੰਘ ਜੀ ਨੇ ਆਪਣਾ ਬਹੁਤਾ ਸਮਾਂ ਯੂ ਕੇ ਵਿਚ ਭਾਟ ਸਿੱਖ ਭਾਈਚਾਰੇ ਨਾਲ ਬਿਤਾਇਆ ਸੀ ਅਤੇ ਉਹ ਉਹਨਾਂ ਨਾਲ ਹੀ ਆਖਰੀ ਸਮੇਂ ਤੱਕ ਕੰਮ ਕਰਦਾ ਰਿਹਾ ਸੀ। ਇਸ ਤੋਂ ਇਲਾਵਾ ਉਹ ਲੰਡਨ ਦੇ ਉਸ ਵਕਤ ਦੇ ਇਕੋ ਇਕ ਸ਼ੈਫਰਡਬੁਸ਼ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦਾ ਰਿਹਾ ਸੀ। ਜਿਸ ਨੂੰ ਉਸ ਸਮੇਂ ਭੁਪਿੰਦਰਾ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ। ਉਸ ਦੀ ਭਾਟ ਸਿੱਖ ਭਾਈਚਾਰੇ ਨਾਲ ਨੇੜਤਾ ਸ਼ਾਇਦ ਉਧਮ ਸਿੰਘ ਦੇ ਕੰਬੋਜ ਸਿੱਖ ਭਾਈਚਾਰੇ ਦੇ ਪਿਛੋਕੜ ਕਰਕੇ ਵੀ ਹੋ ਸਕਦੀ ਹੈ।ਕਬੋਜ ਭਾਈਚਾਰਾ ਭਾਟ ਸਿੱਖ ਭਾਈਚਾਰੇ ਨਾਲ ਸਭਿਆਚਾਰਕ ਸਮਾਨਤਾਵਾਂ ਰੱਖਦਾ ਹੈ।
ਭਾਟ ਸਿੱਖ (ਭਾਟਰਾ) ਮੁੱਖ ਤੌਰ ਤੇ ਸਿਆਲਕੋਟ (ਹੁਣ ਪਾਕਿਸਤਾਨ) ਦੇ ਡੱਸਕਾ ਖੇਤਰ ਤੋਂ ਬ੍ਰਿਟੇਨ ਪਹੁੰਚਣੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਜਲਿਆਵਾਲਾ ਬਾਗ ਦਾ ਕਤਲੇਆਮ ਹੋਇਆ ਸੀ।  ਬਰਤਾਨੀਆ ਦੀ ਪੁਲਸ ਦੇ ਗੁਪਤ ਦਸਤਾਵੇਜ਼ਾਂ ਵਿਚ ਦੱਸਿਆ ਜਾਂਦਾ ਹੈ ਕਿ ਸ਼ਹੀਦ ਉਦਮ ਸਿੰਘ “ਪੈਡਲਰ” ਵਜੋਂ ਕੰਮ ਕਰਦਾ ਸੀ ਅਤੇ ਨਾਲ ਹੀ ਹੋਰ ਕਈ ਨੌਕਰੀਆਂ ਵੀ ਕਰਦਾ ਸੀ ਅਤੇ ਵੱਖਰੇ ਵੱਖਰੇ ਪਤਿਆ ਤੇ ਰਹਿੰਦਾ ਸੀ, ਇਸ ਦਾ ਇਕ ਕਾਰਨ ਭਾਟ ਸਿੱਖਾਂ ਵਲੋਂ ਯੂ ਕੇ ਦੇ ਦੂਰ-ਦੁਰਾਡੇ ਦੇ ਪਿੰਡਾਂ ਵਿਚ ਘਰ-ਘਰ ਜਾ ਕੇ ਕੱਪੜੇ ਦੀਆਂ ਚੀਜ਼ਾਂ ਵੇਚਣਾ ਸੀ। ਇਹ ਕੰਮ ਉਹਨਾਂ ਨੇ ਯਹੂਦੀਆਂ ਤੋਂ ਪੈਡਲਰ ਬਣਕੇ ਵਪਾਰ ਕਰਨਾ ਸਿਖਾਇਆ ਸੀ। ਇਹ ਬ੍ਰਿਟੇਨ ਵਿਚ ਸੁਪਰਮਾਰਕੀਟਾਂ ਦੀ ਆਮਦ ਤੋਂ ਪਹਿਲਾਂ ਦੀਆਂ ਗੱਲਾਂ ਹਨ, ਉਨ੍ਹਾਂ ਨੂੰ ਬ੍ਰਿਟੇਨ ਦੇ ਠੰਡੇ ਅਤੇ ਬਰਸਾਤੀ ਮੌਸਮ ਵਿਚ ਸਖਤ ਮਿਹਨਤ ਕਰਨੀ ਪੈਂਦੀ ਸੀ, ਪਰ ਇਹ ਇੱਕ ਬਹੁਤ ਹੀ ਲਾਭਕਾਰੀ ਕਾਰੋਬਾਰ ਸੀ। ਮੈਨੂੰ ਕੁਝ ਪੁਰਾਣੇ ਭਾਟ ਸਿੱਖ ਬਜੁਰਗਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਜਿਹਨਾਂ ਨੂੰ ਸ਼ਹੀਦ ਉਦਮ ਸਿੰਘ ਜੀ ਦੀ ਯਾਦ ਸੀ ਅਤੇ ਉਸ ਨਾਲ ਕੰਮ ਕਾਜ ਵੀ ਕੀਤਾ ਸੀ।
ਭਾਟ ਬਜੁਰਗ ਦਸਦੇ ਹਨ ਕਿ ਉਹ ਲੰਡਨ ਦੇ ਗੁਦਾਮਾਂ ਵਿਚੋਂ ਸਮਾਨ ਲੈਣ ਲਈ ਉਹ ਲੰਡਨ ਆਉਂਦੇ ਸਨ ਅਤੇ ਕੁਝ ਦਿਨ ਲੰਡਨ ਦੇ ਇਕੋ ਇਕ ਗੁਰਦੁਆਰੇ ਵਿਚ ਠਹਿਰਦੇ ਸਨ ਜਿਥੇ ਉਹ ਸੇਵਾ ਸਿਮਰਨ ਕਰਿਆ ਕਰਦੇ ਸਨ ਅਤੇ ਇਹ ਇਕਠੇ ਹੋਣ ਲਈ ਇਕ ਸੁਰੱਖਿਅਤ ਅਤੇ ਚੰਗੀ ਜਗ੍ਹਾ ਸੀ। ਇਹ ਵੀ ਦੱਸਣ ਦੀ ਜ਼ਰੂਰੀ ਹੈ ਕਿ ਭਾਟ ਸਿੱਖਾਂ ਨੂੰ ਵੱਖ ਵੱਖ ਪੱਗਾਂ ਨਾਲ ਦਿਖਾਈ ਦੇਣ ਕਾਰਨ ਬਹੁਤ ਸਾਰੇ ਸਖਤ ਨਸਲੀ ਅਤੇ ਧਾਰਮਿਕ ਪੱਖਪਾਤ ਸਹਿਣੇ ਪੈਂਦੇ ਸਨ। ਪਰ ਬਜੁਰਗਾਂ ਨੇ ਮੈਨੂੰ ਦੱਸਿਆ ਕਿ ਮਜ਼ਦੂਰ ਜਮਾਤੀ ਦੇ ਅੰਗਰੇਜ਼ ਲੋਕ ਆਮ ਤੌਰ ਤੇ ਬਹੁਤ ਚੰਗੇ ਸਨ, ਖ਼ਾਸਕਰ ਜਦੋਂ ਉਹ ਆਇਰਲੈਂਡ ਵਿਚ ਗਏ ਸਨ।  ਉਹ ਗਰੁੱਪਾਂ ਵਿਚ ਕਾਰ ਜਾ ਵੈਨ ਰਾਹੀਂ ਇਕਠੇ ਯਾਤਰਾ ਕਰਦੇ ਅਤੇ ਘਰ-ਘਰ ਜਾ ਕੇ ਵੇਚਣ ਲਈ ਆਪਣੇ ਵੱਡੇ ਭਾਰੀ ਸੂਟਕੇਸਾਂ ਨਾਲ ਹਰੇਕ ਪਿੰਡ ਵਿਚ ਉਤਰ ਜਾਂਦੇ ਸਨ। ਪੈਸੇ ਦੀ ਬਚਤ ਲਈ ਉਨ੍ਹਾਂ ਨੇ ਇਕੱਠੇ ਕਮਰੇ ਵੀ ਕਿਰਾਏ ਤੇ ਲਏ।
ਭਾਟ ਸਿੱਖ ਬ੍ਰਿਟੇਨ ਦੇ ਪਹਿਲੇ ਸਿੱਖ ਪਾਇਨੀਅਰ ਅਤੇ ਭਾਰਤੀ ਨਿਵਾਸੀ ਹਨ।  ਭਾਵੇਂ ਉਧਮ ਸਿੰਘ ਸਾਫਾ ਮੁਨਾਰਾ ਸੀ, ਫਿਰ ਵੀ ਉਸ ਨੂੰ ਭਾਟ ਸਿੱਖਾਂ ਨੇ ਦਸਤਾਰ ਬੰਨ੍ਹਣ ਲਈ ਪ੍ਰੇਰਿਆ ਜਦੋਂ ਉਹ ਉਨ੍ਹਾਂ ਨਾਲ ਕੰਮ ਕਰਦਾ ਜਾਂ ਗੁਰਦੁਆਰੇ ਜਾਂਦਾ ਸੀ।
ਭਾਟ ਸਿੱਖਾਂ ਨੇ ਉਸ ਨੂੰ ਫਾਂਸੀ ਤੋਂ ਬਚਾਉਣ ਲਈ ਅਤੇ ਉਸਦਾ ਕੇਸ ਲੜਨ ਲਈ ਫੰਡ ਵੀ ਇਕੱਠਾ ਕੀਤਾ, ਪਰ ਬ੍ਰਿਟਿਸ਼ ਸਰਕਾਰ ਉਸ ਦੀ ਗ੍ਰਿਫਤਾਰੀ ਨੂੰ ਨੀਵਾਂ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਇਸ ਨੂੰ ਜਾਲੀਵਾਲਾ ਬਾਗ ਦੇ ਸਾਕੇ ਤੋਂ ਵੱਖ ਕਰਕੇ ਕਿਉਂਕਿ ਉਹ ਸਿੱਖ ਫੌਜੀਆਂ ਨੂੰ ਭੜਕਾਉਣਾ ਨਹੀਂ ਚਾਹੁੰਦੇ ਸਨ ਜੋ ਦੂਸਰੇ ਵਿਸ਼ਵ ਯੁੱਧ ਲਈ ਇਕ ਵਾਰ ਫਿਰ ਉਨ੍ਹਾਂ ਦੀ ਮਦਦ ਕਰਨ ਦੀ ਤਿਆਰੀ ਕਰ ਰਹੇ ਸਨ। ਕਾਂਗਰਸ ਪਾਰਟੀ ਵੀ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ ਕਰ ਰਹੀ ਸੀ ਕਿ ਉਹ ਉਨ੍ਹਾਂ ਨੂੰ ਭਾਰਤ ਦਾ ਅਧਿਕਾਰ ਸੌਂਪ ਦੇਵੇ ਇਸ ਲਈ ਉਹ ਨਹੀਂ ਚਾਹੁੰਦੇ ਸਨ ਕਿ ਸ਼ਹੀਦ ਉਧਮ ਸਿੰਘ ਦੀ ਕਾਰਵਾਈ ਇਨ੍ਹਾਂ ਦੀ ਗੱਲਬਾਤ ਨੂੰ ਖ਼ਤਰੇ ਵਿੱਚ ਪਾਵੇ ਅਤੇ ਉਨ੍ਹਾਂ ਨੇ ਉਸਨੂੰ ਬਚਾਉਣ ਵਿੱਚ ਕੋਈ ਸਹਾਇਤਾ ਨਾ ਕੀਤੀ।
ਅਖੀਰ ਵਿੱਚ, ਭਾਰਤ ਮਾ ਦਾ ਇਹ ਨਾਇਕ, ਆਪਣੇ ਲੋਕਾਂ ਦੀ ਇੱਜ਼ਤ ਅਤੇ ਸਤਿਕਾਰ ਬਚਾਉਣ ਲਈ, 31 ਜੁਲਾਈ 1940 ਨੂੰ ਪੇਂਟੇਵਿਲ ਜੇਲ੍ਹ ਲੰਡਨ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ।
ਸ਼ਹੀਦ ਉਦਮ ਸਿੰਘ ਨੂੰ ਰਾਮ ਮੁਹੰਮਦ ਸਿੰਘ ਅਜ਼ਾਦ ਵਜੋਂ ਵੀ ਜਾਣਿਆ ਜਾਂਦਾ ਸੀ;  ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਕਿ ਉਹ ਉਧਮ ਸਿੰਘ ਸੀ, ਉਹ ਸਾਰੇ ਉਸਨੂੰ ਹਸਮੁੱਖ ਸੁਭਾਅ ਵਾਲੇ “ਸ੍ਰੀ ਅਜ਼ਾਦ” ਵਜੋਂ ਜਾਣਦੇ ਸਨ। ਉਧਮ ਸਿੰਘ ਆਪਣੇ ਅਸਲ ਪਾਸਪੋਰਟ ਵਾਲੇ ਨਾਮ ਦੇ ਨਾਲ ਯੂਕੇ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਇੰਡੀਆ ਵਿਚ ਜੇਲ ਕਟ ਆਇਆਂ ਸੀ ਅਤੇ ਰਾਮ ਮੁਹੰਮਦ ਸਿੰਘ ਅਜ਼ਾਦ ਨਾਮ ਵੀ ਉਸ ਦੇ ਧਰਮ ਨਿਰਪੱਖ ਵਿਸ਼ਵਾਸ ਕਾਰਨ ਉਸ ਲਈ ਅਨੁਕੂਲ ਸੀ।
ਉਸਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਇਕ ਦਿਲਚਸਪ ਵਾਕਿਆ ਹੋਇਆ, ਜਦੋਂ ਪੁਲਿਸ ਉਸ ਦੇ ਰਹਿਣ ਵਾਲੇ ਫਲੈਟ ਦੀ ਤਲਾਸ਼ੀ ਲੈ ਰਹੀ ਸੀ ਤਾਂ ਮਕਾਨ ਮਾਲਕ ਨੇ ਕਿਹਾ ਇਥੇ ਇਕ ਹੋਰ ਵੀ ਮਿਸਟਰ “ਅਜ਼ਾਦ”  ਰਹਿੰਦਾ ਹੈ ਉਹ ਭਾਟ ਸਿੱਖ ਸਰਦਾਰ ਰਤਨ ਸਿੰਘ ਸ਼ਾਦ ਸੀ। ਜਦੋਂ ਪੁਲਸ ਨੇ ਉਸਦਾ ਵੀ ਕਮਰਾ ਚੈੱਕ ਕੀਤਾ ਤਾਂ ਇਕ ਸੂਟਕੇਸ ਤੇ “ਅਜਾਦ” ਲਿਖਿਆ ਦੇਖ ਕੇ ਪੁਲਸ ਉਸਦਾ ਸਮਾਨ ਲੈ ਗਈ ਉਸ ਵਕਤ ਰਤਨ ਸਿੰਘ “ਅਜ਼ਾਦ” ਉਪਨਾਮ ਦੀ ਵਰਤੋਂ ਵੀ ਕਰ ਰਿਹਾ ਸੀ (ਸ਼ਾਇਦ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਕਾਰਨ)।  ਰਤਨ ਸਿੰਘ ਉਸ ਸਮੇਂ ਆਪਣੇ ਕਾਰੋਬਾਰ ‘ਤੇ ਬਾਹਰ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲੈ ਗਈ।  ਉਸਨੂੰ ਉਨ੍ਹਾਂ ਨੂੰ ਯਕੀਨ ਦਿਵਾਉਣਾ ਪਿਆ ਕਿ ਸ੍ਰੀ ਰਾਮ ਮੁਹੰਮਦ ਸਿੰਘ ਅਜ਼ਾਦ ਨਾਲ ਉਸਦਾ ਕੋਈ ਪਰਿਵਾਰਕ ਸੰਬੰਧ ਨਹੀਂ ਹੈ ਅਤੇ ਇਹ ਇਤਫ਼ਾਕ ਹੈ ਕਿ ਉਹ ਇੱਕ ਕਵੀ ਹੈ ਅਤੇ ਆਪਣੇ ਕਲਮੀ ਨਾਮ ਲਈ “ਅਜ਼ਾਦ” ਸ਼ਬਦ ਦੀ ਵਰਤੋਂ ਕਰਦਾ ਹੈ(ਸ਼੍ਰ ਰਤਨ ਸਿੰਘ ਜੀ ਨੇ ਇਸ ਘਟਨਾ ਦਾ ਖੁਲਾਸਾ ਆਪਣੀ ਕਿਤਾਬ ਵਿਚ ਵੀ ਕੀਤਾ ਹੈ) । ਉਨ੍ਹਾਂ ਦੇ ਭਤੀਜੇ ਸਰਦਾਰ ਜਸਵੰਤ ਸਿੰਘ ਜੀ (ਕਾਰਡਿਫ ਸ਼ਹਿਰ ਵਿਚ ਇਕ ਸਾਬਕਾ ਕੌਂਸਲਰ ਜੋ ਹੁਣ ਸੇਵਾਮੁਕਤ ਹੈ) ਨੇ ਇਹ ਕਹਾਣੀ ਮੈਨੂੰ ਹਾਲ ਹੀ ਵਿਚ ਫਿਰ ਬਿਆਨ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਸ਼ਹੀਦ ਉਦਮ ਸਿੰਘ ਜੀ ਨਾਲ ਕੇਸ ਵਿਚ ਫਸਣ ਤੋਂ ਬਚ ਨਿਕਲਿਆ।  ਇਹ ਸਪੱਸ਼ਟ ਹੈ ਕਿ ਸ਼ਹੀਦ ਉਧਮ ਸਿੰਘ ਜੀ ਦਾ ਗਦਰ ਪਾਰਟੀ ਦੀਆਂ ਗਤੀਵਿਧੀਆਂ ਨਾਲ ਇੰਗਲੈਂਡ ਵਿਚ ਸੰਬੰਧ ਸੀ ਪਰ ਸਾਨੂੰ ਪੱਕਾ ਯਕੀਨ ਨਹੀਂ ਹੋ ਸਕਦਾ ਕਿ ਉਸਨੇ ਅੰਤ ਤਕ ਆਪਣਾ ਮਨੋਰਥ ਜਾਂ ਅਸਲ ਪਛਾਣ ਕਿਸੇ ਨਾਲ ਸਾਂਝੀ ਕੀਤੀ ਹੋਵੇ।
ਉਸਨੇ ਆਪਣੀ ਸਭ ਤੋਂ ਵੱਕਾਰੀ ਵਸਤੂ ਆਪਣੀ “ਦਸਤਾਰ” ਆਪਣੇ ਭਾਟ ਸਿੱਖ ਮਿੱਤਰ ਸਰਦਾਰ ਸੰਤ ਸਿੰਘ ਜੀ ਪਰਦੇਸੀ ਨੂੰ ਆਪਣੀ ਸਿੱਖ ਵਿਰਾਸਤ ਅਤੇ ਦੋਸਤੀ ਦੇ ਸਨਮਾਨ ਵਜੋਂ ਫਾਂਸੀ ਤੋਂ ਪਹਿਲਾਂ ਦੇ ਦਿਤੀ। ਪਰਦੇਸੀ ਪਰਿਵਾਰ ਨੇ ਸ਼ਾਇਦ ਅਜੇ ਵੀ ਇਸ ਨੂੰ ਬਹੁਤ ਮਾਣ ਅਤੇ ਸਤਿਕਾਰ ਸਨਮਾਨ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।
ਜਸਬੀਰ ਸਿੰਘ ਭਾਕੜ ਪੀਟਰਬਰੋ

 48 total views,  1 views today

Leave a Reply

Your email address will not be published. Required fields are marked *